ਭਾਜਪਾ ਜਾਂ ਪੂਰੇ NDA ’ਚ ਘੱਟ ਗਿਣਤੀ ਕੌਮਾਂ ਦਾ ਇਕ ਵੀ ਸੰਸਦ ਮੈਂਬਰ ਨਹੀਂ
ਭਾਜਪਾ ਦੇ ਤਿੱਖੇ ਹਿੰਦੂਤਵ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ : ਮਨੀਕਮ ਟੈਗੋਰ
ਚੰਡੀਗੜ੍ਹ 8 ਜੂਨ 2024 (ਫਤਿਹ ਪੰਜਾਬ) 18ਵੀਂ ਲੋਕ ਸਭਾ ਦੇ ਅੰਕੜਿਆਂ ’ਤੇ ਨਜ਼ਰ ਮਾਰਿਆਂ ਪਤਾ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਜਾਂ ਪੂਰੇ NDA ’ਚ ਇੱਕ ਵੀ ਸਿੱਖ, ਮੁਸਲਿਮ, ਈਸਾਈ ਤੇ ਬੋਧੀ ਸੰਸਦ ਮੈਂਬਰ ਨਹੀਂ ਹੈ। ਇਹ ਜਾਣਕਾਰੀ ਤਾਮਿਲਨਾਡੂ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਨਤੀਜਿਆਂ ਤੋਂ ਇਹ ਵੇਖਿਆ ਗਿਆ ਹੈ ਕਿ ਭਾਜਪਾ ਦੇ ਨਾਲ-ਨਾਲ ਪੂਰੇ NDA ’ਚ ਬ੍ਰਾਹਮਣ ਹੀ ਜਿੱਤੇ ਹਨ। NDA ਨੇ ਜਿਨ੍ਹਾਂ 14.9 ਫੀਸਦ ਬ੍ਰਾਹਮਣਾਂ ਨੂੰ ਟਿਕਟਾਂ ਦਿੱਤੀਆਂ ਸਨ ਉਨ੍ਹਾਂ ’ਚੋਂ 14.7 ਫੀਸਦ ਨੇ ਜਿੱਤ ਹਾਸਲ ਕੀਤੀ ਹੈ। NDA ’ਚ ਰਾਜਪੂਤ ਅਤੇ ਹੋਰਾਂ ਸਮੇਤ 33.2 ਫੀਸਦ ਸੰਸਦ ਮੈਂਬਰ ਉੱਚ ਜਾਤੀਆਂ ਨਾਲ ਸਬੰਧਤ ਹਨ। ਓ.ਬੀ.ਸੀ. ਅਤੇ ਦਰਮਿਆਨੀ ਜਾਤੀਆਂ – ਮਰਾਠਾ, ਜਾਟ, ਲਿੰਗਾਇਤ, ਪਾਟੀਦਾਰ, ਰੈਡੀ, ਵੋਕਾਲੀਗਾ ਦੇ ਵੀ 41.9 ਫੀਸਦ ਸੰਸਦ ਮੈਂਬਰ ਹਨ। ਮੁਸਲਿਮ, ਈਸਾਈ, ਸਿੱਖ ਅਤੇ ਬੋਧੀਆਂ ਦਾ NDA ’ਚ ਇਕ ਵੀ ਸੰਸਦ ਮੈਂਬਰ ਨਹੀਂ ਹੈ। ਰਾਜ ਸਭਾ ਵਿੱਚ ਵੀ ਭਾਜਪਾ ਜਾਂ ਪੂਰੇ NDA ਵਿੱਚੋਂ ਉਪਰਲੇ ਸਦਨ ਲਈ ਸਿੱਧੀਆਂ ਚੋਣਾਂ ਜਿੱਤ ਕੇ ਪਰਤਿਆ ਕੋਈ ਸਿੱਖ ਸੰਸਦ ਮੈਂਬਰ ਨਹੀਂ ਜਿਸ ਕਾਰਨ ਐਤਕੀਂ ਪਹਿਲੀ ਵਾਰ ਕੇਂਦਰੀ ਵਜ਼ਾਰਤ ‘ਚ ਵੀ ਕੋਈ ਸਿੱਖ ਵਜ਼ੀਰ ਵੀ ਨਹੀਂ ਬਣੇਗਾ। ਹਾਂ, ਰਾਸ਼ਟਰਪਤੀ ਵੱਲੋਂ ਪੰਜਾਬ ਤੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਮੁਹਾਲੀ ਦੇ ਮਾਲਕ ਤੇ ਕੁਲਪਤੀ ਸਤਨਾਮ ਸਿੰਘ ਸੰਧੂ ਨੂੰ ਰਾਜ ਸਭਾ ਵਿੱਚ ਨਾਮਜ਼ਦ ਕੀਤਾ ਹੋਇਆ ਹੈ। ਇਸ ਤਰਾਂ ਰਾਜ ਸਭਾ ਵਿੱਚ ਭਾਜਪਾ ਵੱਲੋਂ ਸਿਰਫ ਇੱਕ ਹੀ ਮੈਂਬਰ ਹੈ ਜੋ ਸਿੱਧੇ ਤੌਰ ਤੇ ਨਾਮਜ਼ਦ ਕੀਤਾ ਹੋਇਆ ਹੈ।
ਰੀਪੋਰਟ ਮੁਤਾਬਕ ਐਨ.ਡੀ.ਏ. ਦੇ ਸਹਿਯੋਗੀਆਂ ਤੋਂ ਸਿਰਫ 0.9 ਫੀਸਦ ਮੁਸਲਮਾਨ ਅਤੇ 0.2 ਫੀਸਦ ਈਸਾਈ ਚੋਣ ਮੈਦਾਨ ’ਚ ਸਨ ਪਰ ਕੋਈ ਵੀ ਜਿੱਤ ਨਹੀਂ ਸਕਿਆ। ਇਸ ਸੂਚੀ ’ਚ 0.2 ਫੀਸਦ ਸਿੱਖ ਅਤੇ 0.4 ਫੀਸਦ ਬੋਧੀ ਸ਼ਾਮਲ ਸਨ ਤੇ ਉਹ ਵੀ ਇਸ ਵਾਰ ਨਹੀਂ ਜਿੱਤ ਸਕੇ।
ਘੱਟ ਗਿਣਤੀ ਰਹਿਤ ਮੋਦੀ ਸਰਕਾਰ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਹਲਕਿਆਂ ਨੇ ਦਾਅਵਾ ਕੀਤਾ ਕਿ ਅਜਿਹਾ ਨਹੀਂ ਹੈ ਕਿ NDA ਦੇ ਹੋਰ ਸਹਿਯੋਗੀਆਂ ਨੇ ਘੱਟ ਗਿਣਤੀ ਭਾਈਚਾਰਿਆਂ ਤੋਂ ਉਮੀਦਵਾਰ ਨਹੀਂ ਖੜ੍ਹੇ ਕੀਤੇ ਹਨ ਪਰ NDA ਦੇ ‘ਵੱਡੇ ਭਰਾ’ ਭਾਜਪਾ ਦੇ ਤਿੱਖੇ ਹਿੰਦੂਤਵ ਪ੍ਰਚਾਰ ਨੇ ਘੱਟ ਗਿਣਤੀ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਨਤੀਜੇ ਵਜੋਂ ਇਸ ਵਾਰ ਐਨਡੀਏ ਦੀ ਕੋਈ ਵੀ ਸਹਿਯੋਗੀ ਪਾਰਟੀ ਆਪਣਾ ਇੱਕ ਵੀ ਘੱਟ ਗਿਣਤੀ ਸੰਸਦ ਮੈਂਬਰ ਨਹੀਂ ਜਿਤਾ ਸਕੀ।
ਦੂਜੇ ਪਾਸੇ INDIA ‘ਇੰਡੀਆ’ ਗੱਠਜੋੜ ਵਿੱਚ ਇਸ ਵਾਰ ਸਿਰਫ 12.4 ਫੀਸਦ ਸੰਸਦ ਮੈਂਬਰ ਉੱਚ ਜਾਤੀਆਂ ਤੋਂ ਹਨ। ਮੱਧ ਜਾਤੀਆਂ (ਮਰਾਠਾ, ਜਾਟ, ਲਿੰਗਾਇਤ, ਪਾਟੀਦਾਰ, ਰੈੱਡੀ, ਵੋਕਲਿੰਗਾ) ਅਤੇ ਓ.ਬੀ.ਸੀ. (ਯਾਦਵ, ਕੁਰਮੀ) ਵਿੱਚੋਂ 42.6 ਫੀਸਦ ਸੰਸਦ ਮੈਂਬਰ ਹਨ। ਇਸੇ ਤਰਾਂ ਅਨੁਸੂਚਿਤ ਜਾਤੀਆਂ ਦੇ ਸੰਸਦ ਮੈਂਬਰ 17.8 ਫੀਸਦ, ਅਨੁਸੂਚਿਤ ਕਬੀਲੇ 9.9 ਫੀਸਦ, ਮੁਸਲਮਾਨ 7.9 ਫੀਸਦ, ਈਸਾਈ 3.5 ਫੀਸਦ, ਸਿੱਖ 5 ਫੀਸਦ ਅਤੇ ਹੋਰ 1 ਫੀਸਦ ਹਨ।