4 ਜੂਨ ਤੋਂ 6 ਜੂਨ ਤੱਕ ਸਾਰੇ ਸਿੱਖ ਕਾਲੀਆਂ ਦਸਤਾਰਾਂ ਨਾਲ ਤੇ ਸਿੱਖ ਬੀਬੀਆਂ ਕਾਲੇ ਦੁਪੱਟੇ ਪਾ ਕੇ ਰੋਸ ਪ੍ਰਗਟਾਉਣ ਲਈ ਕਿਹਾ

ਅੰਮ੍ਰਿਤਸਰ 5 ਜੂਨ 2024 (ਚੜ੍ਹਦੀਕਲਾ) : ਦੁਨੀਆ ਭਰ ‘ਚ ਸਿੱਖ ਕੌਮ ਵੱਲੋਂ ਜੂਨ 1984 ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਪਾਵਨ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਪਰ ਭਾਰਤੀ ਫੌਜ ਵੱਲੋਂ ਕੀਤੇ ਹਮਲੇ (June 1984 Ghallughara) ਨੂੰ ਲੈ ਕੇ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ। ਸ਼ਹੀਦੀ ਹਫ਼ਤੇ ਨੂੰ ਮੁੱਖ ਰੱਖਦਿਆਂ ਪੰਜ ਸਿੰਘ ਸਾਹਿਬਾਨ ਨੇ ਅੱਜ ਹੁਕਮ ਜਾਰੀ ਕੀਤਾ ਹੈ ਕਿ 4 ਤੋਂ 6 ਜੂਨ ਨੂੰ ਸਾਰੇ ਸਿੱਖ ਕਾਲੀਆਂ ਦਸਤਾਰਾਂ ਸਜਾਉਣ ਅਤੇ ਸਿੱਖ ਬੀਬੀਆਂ ਕਾਲੇ ਦੁਪੱਟੇ ਪਾ ਕੇ ਸਾਕਾ ਨੀਲਾ ਤਾਰਾ (Operation Blue Star 40th Anniversary) ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ 6 ਜੂਨ ਨੂੰ ਸਾਕਾ ਨੀਲਾ ਤਾਰਾ ਦੇ 40 ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਸਿੱਖਾਂ ਦੇ ਜ਼ਖਮ ਅਜੇ ਵੀ ਅੱਲੇ ਹਨ।

ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤੀ ਫ਼ੌਜ ਵੱਲੋਂ ਕੀਤੇ ਹਮਲੇ ਦਾ ਸਿੱਖ ਕੌਮ ਦੇ ਯੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ। ਇਸ ਦੇ ਰੋਸ ਵਿੱਚ ਬੰਦੀ ਸਿੱਖਾਂ ਨੇ ਵੀ ਕੁੱਝ ਕਾਰਵਾਈਆਂ ਕੀਤੀਆਂ ਪਰ ਉਨ੍ਹਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬੰਦੀ ਸਿੱਖਾਂ ਜਿੰਨੀ ਕੌਣ ਸਜ਼ਾ ਕੱਟ ਰਿਹਾ ਹੈ ਤਾਂ ਸਰਕਾਰ ਜਾਣਕਾਰੀ ਦੇਵੇ ਕਿਉਂਕਿ ਬੰਦੀ ਸਿੱਖ 30 ਸਾਲ ਤੋਂ ਜੇਲ੍ਹਾਂ ਵਿੱਚ ਕੈਦ ਹਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਨਵੰਬਰ 1984 ਸੇ ਦਿੱਲੀ ਸਿੱਖ ਕਤਲੇਆਮ ਦਾ ਇਨਸਾਫ਼ ਵੀ ਹਾਲੇ ਤੱਕ ਸਿੱਖ ਪੀੜਤਾਂ ਨੂੰ ਨਹੀਂ ਮਿਲਿਆ। ਦਿੱਲੀ ਦੇ ਪੀੜਤ ਸਿੱਖ ਅਜੇ ਵੀ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ। ਅਪ੍ਰੇਸ਼ਨ ਬਲੂ ਸਟਾਰ ਵਿੱਚ ਸਿੱਖਾਂ ਦਾ ਬੇਸ਼ਕੀਮਤੀ ਖ਼ਜਾਨਾ ਅਤੇ ਲਾਇਬਰੇਰੀ ਦਾ ਵੀ ਸਿੱਖਾਂ ਨੂੰ ਕੁੱਝ ਨਹੀਂ ਮਿਲਿਆ।