ਤਲਵੰਡੀ ਸਾਬੋ 5 ਜੂਨ 2024 (ਚੜ੍ਹਦੀਕਲਾ) ਦੇਸ਼ ਭਰ ਦੀਆਂ ਸਿੱਖ ਸੰਗਤਾਂ ਵੱਲੋਂ ਜੂਨ 1984 ਘੱਲੂਘਾਰੇ ਨੂੰ ਲੈ ਕੇ ਸ਼ਹੀਦੀ ਹਫ਼ਤਾ ਮਨਾਇਆ ਜਾ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ (Takht Sri Damdama Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਗੱਲਬਾਤ ਦੌਰਾਨ ਕਿਹਾ ਕਿ ਸਾਕਾ ਨੀਲਾ ਤਾਰਾ (Operation Blue Star) ਨੂੰ ਭਾਵੇਂ 40 ਸਾਲ ਹੋ ਜਾਣ ਜਾਂ 400 ਸਾਲ, ਇਸ ਘੱਲੂਘਾਰੇ ਦੇ ਜ਼ਖਮ ਸਿੱਖਾਂ ਦੇ ਦਿਲਾਂ ਵਿਚ ਹਮੇਸ਼ਾ ਹੀ ਰਹਿਣਗੇ।

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ 1 ਜੂਨ ਤੋਂ 6 ਜੂਨ ਦਾ ਸਮਾਂ ਸਿੱਖਾਂ ਲਈ ਦੁਖਦਾਈ ਹੈ ਕਿਉਂਕਿ ਅੱਜ ਦੇ ਦਿਨ ਭਾਰਤ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੂੰ ਦਰਦਨਾਕ ਢੰਗ ਨਾਲ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਨੂੰ ਇਕ ਕੇਸ ਵਿਚ ਬਰੀ ਕਰ ਦਿੱਤਾ ਗਿਆ ਅਤੇ ਕਿਹਾ ਸੀ ਕਿ ਅਦਾਲਤਾਂ ਸਬੂਤਾਂ ਨੂੰ ਦੇਖਦੀਆਂ ਹਨ ਤੇ ਦਲੀਲਾਂ ਸੁਣਦੀਆਂ ਹਨ।

ਉਨ੍ਹਾਂ ਕਿਹਾ ਕਿ ਜੇ ਸਰਕਾਰ ਹੋਵੇ ਤਾਂ ਸਭ ਕੁਝ ਉਸਦੇ ਹੱਥ ਵਿੱਚ ਹੁੰਦਾ ਹੈ ਅਤੇ ਜਿਸਦਾ ਸਰਕਾਰ ਨਾਲ ਸਮਝੌਤਾ ਹੁੰਦਾ ਹੈ ਉਹ ਬਰੀ ਹੋ ਜਾਂਦਾ ਹੈ, ਪਰ ਜਿਸਦਾ ਸਰਕਾਰ ਨਾਲ ਸਮਝੌਤਾ ਨਹੀਂ ਹੁੰਦਾ ਉਹ ਜੇਲ੍ਹ ਵਿੱਚ ਰਹਿੰਦਾ ਹੈ। ਦੂਜੇ ਪਾਸੇ ਬੰਦੀ ਸਿੱਖ ਆਪਣੀ ਸਜ਼ਾ ਪੂਰੀ ਕਰਨ ਦੇ ਬਾਵਜੂਦ ਬੇਗੁਨਾਹਾਂ ਦੀ ਸਜ਼ਾ ਕੱਟ ਰਹੇ ਹਨ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਬੇਅੰਤ ਸਿੰਘ ਦੇ ਕਾਤਲਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ ਪਰ ਸਰਕਾਰ ਪ੍ਰਚਾਰ ਦੌਰਾਨ ਅਜਿਹੇ ਬਿਆਨ ਦਿੰਦੀ ਹੈ।

ਉਨ੍ਹਾਂ ਨੇ ਉੱਤਰ ਪ੍ਰਦੇਸ ‘ਚ ਇੱਕ ਗ੍ਰੰਥੀ ਸਿੰਘ ਦੀ ਧੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਰਾਜ ਸਰਕਾਰ ਤੋਂ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।