ਸਿੱਖ ਮਰਿਆਦਾ ਦੀ ਉਲੰਘਣਾ ਮਹਿੰਗੀ ਪਈ : ਗੁਰੂ ਕੇ ਘਰਾਂ ਚ ਨਤਮਸਤਕ ਹੋਣਾ ਤੇ ਸਫਾਈ ਦੇ ਆਦੇਸ਼
ਅੰਮ੍ਰਿਤਸਰ, 6 ਅਗਸਤ 2025 (ਚੜ੍ਹਦੀਕਲਾ ਬਿਊਰੋ) – ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਅੱਜ ਪੰਜਾਬ ਸਰਕਾਰ ਦੇ ਸਿੱਖਿਆ ਮਹਿਕਮੇ ਦੇ ਵਜ਼ੀਰ ਹਰਜੋਤ ਸਿੰਘ ਬੈਂਸ ਨੂੰ ਤਨਖਾਹੀਆ ਕਰਾਰ ਦਿੰਦਿਆਂ ਉਨ੍ਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਹੈ। ਇਹ ਫ਼ੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਸੁਣਾਇਆ ਗਿਆ ਜਦੋਂ ਬੈਂਸ ਨੇ ਤਖ਼ਤ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਹਾਜ਼ਰੀ ਭਰਦਿਆਂ ਆਪਣੇ ਗੁਨਾਹ ਸਵੀਕਾਰ ਕੀਤੇ। ਉਨ੍ਹਾਂ ਮੰਨਿਆ ਕਿ ਹਾਲ ਹੀ ਵਿੱਚ ਸ੍ਰੀਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਮਹਿਕਮੇ ਵੱਲੋਂ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਦੀ ਹਾਜਰੀ ਵਿੱਚ ਧਾਰਮਿਕ ਮਰਿਆਦਾ ਦੀ ਉਲੰਘਣਾ ਹੋਈ ਸੀ।

ਪੰਜ ਸਿੰਘ ਸਾਹਿਬਾਨ ਵੱਲੋਂ ਸੁਣਾਏ ਫ਼ੈਸਲੇ ਅਨੁਸਾਰ ਮੰਤਰੀ ਬੈਂਸ ਨੂੰ ਹੁਣ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਗੁਰਦੁਆਰਾ ਗੁਰੂ ਕੇ ਮਹੱਲ ਤੱਕ ਪੈਦਲ ਜਾਣਾ ਹੋਵੇਗਾ ਅਤੇ ਇਸ ਰਸਤੇ ਵਿਚ ਆਉਣ ਵਾਲੀਆਂ ਗਲੀਆਂ ਅਤੇ ਬਾਜ਼ਾਰਾਂ ਦੀ ਸਫ਼ਾਈ ਤੇ ਵਿਕਾਸ ਕਾਰਜਾਂ ਨੂੰ ਯਕੀਨੀ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗੁਰਦੁਆਰਾ ਕੋਠਾ ਸਾਹਿਬ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੱਕ ਵੀ 100 ਮੀਟਰ ਦੀ ਦੂਰੀ ਤੋਂ ਪੈਦਲ ਜਾਣਾ ਹੋਵੇਗਾ ਅਤੇ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਮੁਰੰਮਤ ਅਤੇ ਸਫ਼ਾਈ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਹੋਵੇਗੀ। ਉਨ੍ਹਾਂ ਨੂੰ ਦਿੱਲੀ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਨਤਮਸਤਕ ਹੋਣਾ ਹੋਵੇਗਾ ਜਿੱਥੇ ਉਹ ਦੋ ਦਿਨ ਤੱਕ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਕਰਨਗੇ। ਇਸ ਧਾਰਮਿਕ ਸਜਾ ਦੀ ਸਮਾਪਤੀ ਉਪਰੰਤ ਉਨ੍ਹਾਂ ਨੂੰ 1100 ਰੁਪਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਉਣ ਦਾ ਹੁਕਮ ਵੀ ਦਿੱਤਾ ਹੈ।
ਪੰਜਾਬ ਸਰਕਾਰ ਨੂੰ ਵੀ ਸਖ਼ਤ ਆਦੇਸ਼
ਇਸਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਨੇ ਪੰਜਾਬ ਸਰਕਾਰ ਨੂੰ ਵੀ ਸਾਫ ਆਦੇਸ਼ ਦਿੱਤੇ ਹਨ ਕਿ ਉਹ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੌਰਾਨ ਜੇ ਸੈਮੀਨਾਰ ਜਾਂ ਹੋਰ ਬੌਧਿਕ ਪਰੋਗਰਾਮ ਕਰਵਾਉਣਾ ਚਾਹੁੰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨਾਲ ਸਲਾਹ-ਮਸ਼ਵਰਾ ਕਰਕੇ ਅਜਿਹੇ ਕਾਰਜ ਕੀਤੇ ਜਾਣ। ਨਾਲ ਹੀ ਰਾਜ ਸਰਕਾਰ ਨੂੰ ਆਖਿਆ ਗਿਆ ਹੈ ਕਿ ਨਗਰ ਕੀਰਤਨ ਜਾਂ ਗੁਰਮਤਿ ਸਮਾਗਮ ਵਰਗੇ ਧਾਰਮਿਕ ਸਮਾਗਮ ਪੰਥਕ ਸਿੱਖ ਸੰਸਥਾਵਾਂ ਕਰਦੀਆਂ ਹਨ ਅਤੇ ਸਰਕਾਰ ਅਜਿਹੇ ਸਮਾਗਮਾਂ ਮੌਕੇ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਵੇ। ਸਿੱਖ ਸੰਸਥਾਵਾਂ ਨੂੰ ਵੀ ਆਦੇਸ਼ ਦਿੱਤਾ ਗਿਆ ਕਿ ਇਹਨਾਂ ਸਮਾਗਮਾਂ ਵਿੱਚ ਸਰਕਾਰੀ ਨੁਮਾਇੰਦਿਆਂ ਨੂੰ ਉਚਿਤ ਮਾਣ-ਸਨਮਾਨ ਦਿੱਤਾ ਜਾਵੇ। ਇਹ ਸਾਰੀ ਕਾਰਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰਨਾਂ ਸਿੰਘ ਸਾਹਿਬਾਨ ਵਲੋਂ ਨਿਭਾਈ ਗਈ।
ਇਸੇ ਮੌਕੇ ਉੱਤੇ ਪੰਜ ਸਿੰਘ ਸਾਹਿਬਾਨ ਵੱਲੋਂ ਜੰਮੂ ਤੋਂ ਆਏ ਤਿੰਨ ਵਿਅਕਤੀਆਂ ਰਣਜੀਤ ਸਿੰਘ, ਜਗਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਵੀ ਤਨਖਾਹ ਲਾਈ ਗਈ। ਉਨ੍ਹਾਂ ਉੱਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਿੱਖ ਪੰਥ ਵੱਲੋਂ ਤਿਆਗੇ ਵਿਅਕਤੀ ਪ੍ਰੋਫੈਸਰ ਦਰਸ਼ਨ ਸਿੰਘ ਦੇ ਹੱਕ ਵਿੱਚ ਸਮਾਗਮ ਕਰਵਾਏ।
ਸਿੰਘ ਸਾਹਿਬਾਨ ਦਾ ਹਰ ਹੁਕਮ ਸਿਰ ਮੱਥੇ : ਬੈਂਸ
ਮੰਤਰੀ ਬੈਂਸ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਦੀ ਇੱਜ਼ਤ ਕਰਦੇ ਹਨ ਅਤੇ ਉਸ ਦੀ ਪੂਰੀ ਤਰ੍ਹਾਂ ਪਾਲਣਾ ਕਰਨਗੇ। ਉਨ੍ਹਾਂ ਨੇ ਆਖਿਆ ਕਿ ਉਹ ਅਕਾਲ ਤਖ਼ਤ ਸਾਹਿਬ ਨੂੰ ਸਰਬਉਚ ਸੰਸਥਾ ਮੰਨਦੇ ਹਨ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਦੇ ਹਨ।