ਅੰਮ੍ਰਿਤਸਰ, 8 ਦਸੰਬਰ, 2025 (ਚੜ੍ਹਦੀਕਲਾ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਵਿਖੇ ਅੱਜ ਧਾਰਮਿਕ, ਅਕਾਦਮਿਕ ਅਤੇ ਰਾਜਨੀਤਿਕ ਖੇਤਰਾਂ ਦੀਆਂ ਪੰਜ ਉਘੀਆਂ ਸ਼ਖਸੀਅਤਾਂ ਸਰਵਉੱਚ ਸਿੱਖ ਅਸਥਾਨ ਦੇ ਸਾਹਮਣੇ ਪੇਸ਼ ਹੋਈਆਂ ਅਤੇ ਆਪਣੇ ਵਿਵਾਦਪੂਰਨ ਕੰਮਾਂ ਲਈ ਲਿਖਤੀ ਮੁਆਫ਼ੀ ਮੰਗੀ ਜਿਨ੍ਹਾਂ ਨੂੰ ਸਿੰਘ ਸਾਹਿਬਾਨ ਨੇ ਇਤਰਾਜ਼ਯੋਗ ਸਮਝਿਆ ਸੀ। ਤਖ਼ਤ ਸਾਹਿਬ ਦੀ ਫ਼ਸੀਲ ਤੋਂ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੰਬੋਧਨ ਨਾਲ ਸ਼ੁਰੂ ਹੋਈ ਵਿਸ਼ੇਸ਼ ਇੱਕਤਰਤਾ ਦੌਰਾਨ ਸਮੂਹਿਕ ਜਵਾਬਦੇਹੀ ਦਾ ਮਹੱਤਵਪੂਰਨ ਦਿਨ ਸੀ। ਸਿੰਘ ਸਾਹਿਬਾਨ ਨੇ ਹਰੇਕ ਕੇਸ ਦੀ ਸਮੀਖਿਆ ਕਰਦਿਆਂ ਉਨ੍ਹਾਂ ਦੀ ਮੁਆਫ਼ੀ ਸਵੀਕਾਰ ਕੀਤੀ ਅਤੇ ਅਨੁਸ਼ਾਸਨ ਨੂੰ ਬਹਾਲ ਕਰਨ ਅਤੇ ਪੰਥ ਦੀ ਸਰਵ ਪ੍ਰਵਾਨਿਤ ਮਰਯਾਦਾ ਮੰਨਣ ਦੀ ਪੁਸ਼ਟੀ ਕਰਨ ਦੇ ਉਦੇਸ਼ ਨਾਲ ਇਹ ਧਾਰਮਿਕ ਨਿਰਦੇਸ਼ ਜਾਰੀ ਕੀਤੇ।

ਮੁਆਫ਼ੀ ਮੰਗਣ ਪਿੱਛੋਂ ਵਲਟੋਹਾ ਤੋਂ ਪਾਬੰਦੀ ਹਟਾਈ

ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਅਕਤੂਬਰ 2024 ਵਿੱਚ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕੀਤੀਆਂ ਟਿੱਪਣੀਆਂ ਅਤੇ ਇੱਕ ਮੀਟਿੰਗ ਦੌਰਾਨ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਆਡੀਓ ਰਿਕਾਰਡ ਕਰਨ ਨੂੰ ਗਲਤ ਕੰਮ ਸਵੀਕਾਰ ਕੀਤਾ ਗਿਆ। ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ, ਪੰਜ ਸਿੰਘ ਸਾਹਿਬਾਨ ਨੇ ਸਾਬਕਾ ਜਥੇਦਾਰ ਦੁਆਰਾ ਉਨ੍ਹਾਂ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਸਬੰਧੀ ਲਗਾਈ ਗਈ ਦਸ ਸਾਲਾਂ ਦੀ ਪਾਬੰਦੀ ਹਟਾ ਦਿੱਤੀ। ਤਖ਼ਤ ਨੇ ਉਨ੍ਹਾਂ ਨੂੰ ਭਵਿੱਖ ਵਿੱਚ ਕੋਈ ਵੀ ਸੰਵੇਦਨਸ਼ੀਲ ਬਿਆਨ ਦੇਣ ਤੋਂ ਸਾਵਧਾਨ ਵੀ ਕੀਤਾ।

ਉਨ੍ਹਾਂ ਦੀ ਧਾਰਮਿਕ ਸਜ਼ਾ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਤਿੰਨ ਦਿਨ ਭਾਂਡੇ ਧੋਣ ਅਤੇ ਜੋੜੇ ਸਾਫ਼ ਕਰਨ ਅਤੇ ਦੋ ਦਿਨ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਜਦਕਿ ਤਖ਼ਤ ਦਮਦਮਾ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਇੱਕ-ਇੱਕ ਦਿਨ ਦੀ ਇਹ ਸੇਵਾ ਲਾਈ ਗਈ ਹੈ। ਉਨ੍ਹਾਂ ਨੂੰ ਗਿਆਰਾਂ ਦਿਨਾਂ ਲਈ ਨਿਰਧਾਰਤ ਅਰਦਾਸਾਂ ਵੀ ਕਰਨੀਆਂ ਪੈਣਗੀਆਂ, ਕੜਾਹ ਪ੍ਰਸ਼ਾਦ ਲਈ 1,100 ਰੁਪਏ ਚੜ੍ਹਾਉਣੇ ਪੈਣਗੇ ਅਤੇ ਮੁਆਫ਼ੀ ਦੀ ਅਰਦਾਸ ਤੋਂ ਪਹਿਲਾਂ ਗੋਲਕ ਵਿੱਚ 1,100 ਰੁਪਏ ਹੋਰ ਜਮ੍ਹਾਂ ਕਰਵਾਉਣੇ ਪੈਣਗੇ। ਵਲਟੋਹਾ ਨੇ ਇੰਨਾਂ ਨਿਰਦੇਸ਼ਾਂ ਨੂੰ ਸਵੀਕਾਰ ਕਰ ਲਿਆ।

ਜੀਐਨਡੀਯੂ ਦੇ ਵੀਸੀ ਡਾ. ਕਰਮਜੀਤ ਸਿੰਘ ਵੱਲੋਂ ਪਛਤਾਵਾ ਪ੍ਰਗਟ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਅਗਸਤ 2024 ਵਿੱਚ ਇੱਕ ਦੱਖਣੀ ਭਾਰਤ ਕਾਨਫਰੰਸ ਦੌਰਾਨ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਅੱਗੇ ਪੇਸ਼ ਹੋ ਕੇ ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਜਿਸ ਵਿੱਚ ਸਰਬੱਤ ਦਾ ਭਲਾ ਸ਼ਾਮਲ ਸੀ, ਵਿਚਕਾਰ ਸਾਂਝ ਦੀ ਪੜਚੋਲ ਕਰਨ ਲਈ ਚੇਅਰ ਸਥਾਪਤ ਕਰਨ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫੀ ਮੰਗੀ, ਜਿਸ ਨੇ ਸਿੱਖਾਂ ਵਿੱਚ ਵਿਆਪਕ ਚਿੰਤਾ ਪੈਦਾ ਕੀਤੀ ਸੀ। ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਦਿਨ ਲੰਗਰ ਸੇਵਾ ਕਰਨ, ਪੰਜ ਦਿਨ ਨਿਤਨੇਮ ਅਤੇ ਆਸਾ ਦੀ ਵਾਰ ਦਾ ਪਾਠ ਕਰਨ, ਭਾਈ ਕਾਨ੍ਹ ਸਿੰਘ ਨਾਭਾ ਦੀ ਮੁੱਖ ਰਚਨਾ “ਹਮ ਹਿੰਦੂ ਨਹੀਂ” ਪੜ੍ਹਨ, ਇਸ ਕਿਤਾਬ ਦੀਆਂ 500 ਕਾਪੀਆਂ ਵੰਡਣ ਅਤੇ ਕੜਾਹ ਪ੍ਰਸ਼ਾਦ ਵਜੋਂ 1,100 ਰੁਪਏ ਭੇਟ ਕਰਨ ਤੋਂ ਬਾਅਦ ਮੁਆਫ਼ੀ ਲਈ ਅਰਦਾਸ ਕਰਨ ਦਾ ਨਿਰਦੇਸ਼ ਦਿੱਤਾ।

ਡਾ. ਕਰਮਜੀਤ ਨੇ ਸਿੰਘ ਸਾਹਿਬਾਨ ਅੱਗੇ ਸਪੱਸ਼ਟ ਕੀਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਵੱਖਰੀ ਹੀ ਰਹੇਗੀ ਅਤੇ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਵਿੱਚ ਕੋਈ ਵੀ ਅਣਉਚਿਤ ਕਾਰਵਾਈ ਨਹੀਂ ਹੋਵੇਗੀ। 

ਸਾਬਕਾ ਜਥੇਦਾਰ ਨੇ ਡੇਰਾ ਮੁਖੀ ਨੂੰ ਦੀ ਮੁਆਫ਼ੀ ਲਈ ਮੁਆਫ਼ੀ ਮੰਗੀ

ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਤੰਬਰ 2015 ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ ਸਿੰਘ ਸਾਹਿਬਾਨ ਅੱਗੇ ਜਨਤਕ ਤੌਰ ‘ਤੇ ਮੁਆਫ਼ੀ ਮੰਗੀ। ਉਸ ਦਾ ਇਹ ਫੈਸਲਾ ਪੰਥ ਵਿੱਚ ਗੁੱਸੇ ਦੀਆਂ ਸਭ ਤੋਂ ਵੱਡੀਆਂ ਲਹਿਰਾਂ ਵਿੱਚੋਂ ਇੱਕ ਸੀ। ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਦਿਨ ਲੰਗਰ ਸੇਵਾ ਕਰਨ, ਦੋ ਦਿਨ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਜਾਪ ਸਾਹਿਬ ਦਾ ਪਾਠ ਕਰਨ ਅਤੇ ਮੁਆਫ਼ੀ ਲਈ ਅਰਦਾਸ ਕਰਨ ਤੋਂ ਪਹਿਲਾਂ 1,100 ਰੁਪਏ ਕੜਾਹ ਪ੍ਰਸ਼ਾਦ ਵਜੋਂ ਭੇਟ ਕਰਨ ਦਾ ਹੁਕਮ ਦਿੱਤਾ।

ਪ੍ਰਚਾਰਕ ਹਰਿੰਦਰ ਸਿੰਘ ਯੂਕੇ ਲਈ ਸਖ਼ਤ ਨਿਰਦੇਸ਼

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਬੰਧੀ ਕੀਤੇ ਵਿਵਾਦਪੂਰਨ ਉਪਦੇਸ਼ਾਂ ‘ਤੇ ਇਤਰਾਜ਼ ਉਠਾਏ ਜਾਣ ਤੋਂ ਬਾਅਦ ਪ੍ਰਚਾਰਕ ਹਰਿੰਦਰ ਸਿੰਘ ਯੂਕੇ ਵੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ। ਸਿੰਘ ਸਾਹਿਬਾਨ ਨੇ ਉਸ ਵੱਲੋਂ ਪ੍ਰਚਾਰ ਕਰਨ’ਤੇ ਲੱਗੀ ਪਾਬੰਦੀ ਹਟਾ ਦਿੱਤੀ ਪਰ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਪੰਥ-ਪ੍ਰਵਾਨਿਤ ਮਰਯਾਦਾ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ ਅਤੇ ਸਿਰਫ਼ ਉਹ ਉਪਦੇਸ਼ ਹੀ ਦੇਣੇ ਹੋਣਗੇ ਜੋ ਸਿੱਖ ਸੰਗਤ ਦੇ ਗੁਰ ਇਤਿਹਾਸ ਪ੍ਰਤੀ ਵਿਸ਼ਵਾਸ ਨੂੰ ਮਜ਼ਬੂਤ ​​ਕਰਦੇ ਹੋਣਗੇ।

ਉਸਦੀ ਧਾਰਮਿਕ ਸਜ਼ਾ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਦਿਨ ਭਾਂਡੇ ਧੋਣ ਦੀ ਸੇਵਾ, ਦੋ ਦਿਨ ਨਿਰਧਾਰਤ ਅਰਦਾਸ ਅਤੇ ਕੜਾਹ ਪ੍ਰਸ਼ਾਦ ਲਈ 1,100 ਰੁਪਏ ਦੇ ਨਾਲ-ਨਾਲ ਮੁਆਫ਼ੀ ਮੰਗਣ ਤੋਂ ਪਹਿਲਾਂ ਗੋਲਕ ਵਿੱਚ ਜਮ੍ਹਾ ਕਰਵਾਉਣ ਲਈ 1,100 ਰੁਪਏ ਸ਼ਾਮਲ ਹਨ।

ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਵਿਰੁੱਧ ਕਾਰਵਾਈ

ਪੰਜਾਬ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਮੰਨਿਆ ਕਿ ਸ੍ਰੀਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਇੱਕ ਪ੍ਰੋਗਰਾਮ ਦੌਰਾਨ ਕੀਤੀਆਂ ਗਈਆਂ ਨਾਚ ਅਤੇ ਗਾਉਣ ਦੀਆਂ ਗਤੀਵਿਧੀਆਂ ਅਣਉਚਿਤ ਸਨ। ਸਿੰਘ ਸਾਹਿਬਾਨ ਨੇ ਉਸਨੂੰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਦੋ ਦਿਨ ਲੰਗਰ ਅਤੇ ਜੁੱਤੀਆਂ ਸਾਫ਼ ਕਰਨ ਦੀ ਸੇਵਾ ਕਰਨ, ਚਾਰ ਦਿਨ ਨਿਰਧਾਰਤ ਅਰਦਾਸ ਕਰਨ, ਪ੍ਰਿੰਸੀਪਲ ਸਤਬੀਰ ਸਿੰਘ ਦੀ ਕਿਤਾਬ ਦੀਆਂ 100 ਕਾਪੀਆਂ ਵੰਡਣ ਅਤੇ ਭਵਿੱਖ ਦੀਆਂ ਸਾਰੀਆਂ ਲਿਖਤਾਂ ਵਿੱਚ ਗੁਰੂ ਸਾਹਿਬਾਨ ਪ੍ਰਤੀ ਪੂਰਨ ਸਤਿਕਾਰ ਬਣਾਈ ਰੱਖਣ ਦਾ ਹੁਕਮ ਦਿੱਤਾ।

ਇਹ ਮੁਆਫ਼ੀਆਂ ਸਵੀਕਾਰ ਕਰਕੇ, ਅਨੁਸ਼ਾਸਨ ਲਾਗੂ ਕਰਕੇ ਅਤੇ ਪੰਥਕ ਮਰਯਾਦਾ ਦੀ ਪੁਸ਼ਟੀ ਕਰਕੇ, ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਲਈ ਤਕੜਾ ਸੰਦੇਸ਼ ਦਿੰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜਵਾਬਦੇਹੀ ਹਰ ਸਿੱਖ ਵਿਅਕਤੀ ਲਈ ਬਰਾਬਰ ਲਾਗੂ ਹੁੰਦੀ ਹੈ, ਭਾਵੇਂ ਉਹ ਕਿਸੇ ਵੀ ਰੁਤਬੇ ਉੱਪਰ ਜਾਂ ਪ੍ਰਭਾਵਸ਼ਾਲੀ ਹੀ ਕਿਉਂ ਨਾ ਹੋਵੇ।