ਪਹਿਲਾਂ ਬਰੇਲੀ ਦੇ ਗੁਰਦੁਆਰੇ ਪੋਸਟਰ ਲਾਉਣ ਮੌਕੇ ਪੰਜ ਸਿੱਖਾਂ ’ਤੇ ਕੀਤਾ ਸੀ ਕੇਸ ਦਰਜ
ਪੀਲੀਭੀਤ 10 ਜੂਨ 2024 (ਚੜ੍ਹਦੀਕਲਾ) ਇੱਥੇ ਪੂਰਨਪੁਰ ਵਿਚ ਖ਼ਾਲਸਾ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਦੇ ਬਾਹਰ ਦਮਦਮੀ ਟਕਸਾਲ ਦੇ ਮੁਖੀ ਰਹੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਫਲੈਕਸ ਪੋਸਟਰ ਲਾਉਣ ਕਾਰਨ ਪੁਲਿਸ ਨੇ ਗੁਰਦੁਆਰੇ ਦੀ ਮਹਿਲਾ ਪ੍ਰਧਾਨ ਸਮੇਤ 13 ਸਿੱਖਾਂ ਨੂੰ ਨਾਮਜ਼ਦ ਕਰਨ ਮਗਰੋਂ ਕੁੱਲ 53 ਸਿੱਖਾਂ ’ਤੇ ਕੌਮੀ ਏਕਤਾ ਅਖੰਡਤਾ ’ਤੇ ਉਲਟ ਅਸਰ ਪਾਉਣ, ਜਨੂੰਨ ਫੈਲਾਉਣ ਦੇ ਯਤਨ, ਸਮਾਜ ਵਿਚ ਡਰ ਫੈਲਾਉਣ ਦੀ ਧਾਰਾ ਵੀ ਐੱਫਆਈਆਰ ਵਿਚ ਜੋੜ ਦਿੱਤੀ ਹੈ।
ਇਸ ਪੋਸਟਰ ਮਾਮਲੇ ਵਿਚ ਬੀਤੇ ਦਿਨੀਂ ਮਹਿਲਾ ਪ੍ਰਧਾਨ ਦੇ ਸੱਦੇ ’ਤੇ ਕਈ ਜ਼ਿਲ੍ਹਿਆਂ ਦੇ ਸਿੱਖ ਇੱਥੇ ਇਕੱਠੇ ਹੋ ਗਏ ਸਨ ਤੇ ਸਥਿਤੀ ਤਣਾਅਪੂਰਵਕ ਬਣ ਗਈ ਸੀ।
ਇਸ ਤੋਂ ਪਹਿਲਾਂ ਬਰੇਲੀ ਦੇ ਜਨਕਪੁਰੀ ਗੁਰਦੁਆਰੇ ਵਿਚ ਵੀ ਛੇ ਜੂਨ ਨੂੰ ਸ਼ਹੀਦੀ ਦਿਨ ਮਨਾਉਣ ਮੌਕੇ ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਲੱਗੇ ਸਨ ਜਿਨ੍ਹਾਂ ਨੂੰ ਪੁਲਿਸ ਦੇ ਇਤਰਾਜ਼ ਪਿੱਛੋਂ ਲਾਹ ਦਿੱਤਾ ਸੀ ਅਤੇ ਉਸ ਕੇਸ ਵਿਚ ਵੀ ਪੁਲਿਸ ਨੇ ਪੰਜ ਸਿੱਖਾਂ ’ਤੇ ਕੇਸ ਦਰਜ ਕਰ ਲਿਆ ਸੀ।