ਅੰਮ੍ਰਿਤਸਰ, 8 ਮਾਰਚ 2025, ਨਾਨਕਸ਼ਾਹੀ 25 ਫੱਗਣ, ਸੰਮਤ 556, (ਚੜਦੀਕਲਾ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਅੰਤ੍ਰਿੰਗ ਕਮੇਟੀ ਦੀ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਵਿੱਚ ਇੱਕ ਮਹੱਤਵਪੂਰਨ ਫੈਸਲਾ ਲੈੰਦਿਆਂ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਪੰਥ ਦੇ ਸਰਵਉੱਚ ਤਖ਼ਤ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਦੀ ਅਹਿਮ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਗਿਆ। ਇਸ ਅਹੁਦੇ ਤੋਂ ਹਟਾਏ ਜਾਣ ਪਿੱਛੋਂ ਅੱਜ ਗਿਆਨੀ ਰਘਬੀਰ ਸਿੰਘ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਗੁਰੂ ਦੇ ਹੁਕਮ ਵਿੱਚ ਆਪਣਾ ਅਟਲ ਵਿਸ਼ਵਾਸ ਜਤਾਇਆ ਅਤੇ ਇਸ ਫੈਸਲੇ ਨੂੰ ਪੂਰੀ ਨਮਰਤਾ ਨਾਲ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ, “ਮੈਂ ਹਮੇਸ਼ਾ ਆਪਣੀ ਸੇਵਾ ਨੂੰ ਗੁਰੂ ਸਾਹਿਬ ਦੀ ਅਪਾਰ ਕ੍ਰਿਪਾ ਸਮਝਿਆ ਹੈ ਅਤੇ ਆਪਣੇ ਫਰਜ਼ਾਂ ਨੂੰ ਪੂਰੀ ਲਗਨ ਨਾਲ ਨਿਭਾਇਆ ਹੈ। ਗੁਰੂ ਦਾ ਹੁਕਮ ਸਰਬਉਚ ਹੈ, ਅਤੇ ਮੈਂ ਗੁਰੂ ਦੇ ਚਰਨਾਂ ਵਿੱਚ ਸੀਸ ਨਿਵਾਉਂਦਾ ਹੋਇਆ ਗੁਰੂ ਸਾਹਿਬ ਜੀ ਦੀ ਰਜ਼ਾ ਨੂੰ ਸਵੀਕਾਰ ਕਰਦਾ ਹਾਂ। ਮੈਂ ਪੰਥ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਗੁਰੂ ਸਾਹਿਬ ਦਾ ਸਦਾ ਕਿਰਤਾਰਿਥ ਰਹਾਂਗਾ ਹਾਂ ਅਤੇ ਆਪਣੀ ਸੇਵਾ ਦੌਰਾਨ ਕਿਸੇ ਵੀ ਕਮੀ ਲਈ ਗੁਰੂ ਹਰਗੋਬਿੰਦ ਸਾਹਿਬ ਤੋਂ ਮਾਫੀ ਚਾਹੁੰਦਾ ਹਾਂ।”  

ਯਾਦ ਰਹੇ ਕਿ ਐਸਜੀਪੀਸੀ ਦੀ ਇਸ ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਉਪ-ਪ੍ਰਧਾਨ ਰਘਜੀਤ ਸਿੰਘ ਵਿਰਕ ਨੇ ਕੀਤੀ, ਜਿਸ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਗਿਆਨੀ ਰਘਬੀਰ ਸਿੰਘ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।  

ਜਿਕਰਯੋਗ ਹੈ ਕਿ ਜਥੇਦਾਰ ਰਘਬੀਰ ਸਿੰਘ ਨੇ ਇਸ ਮੌਕੇ ਐਸਜੀਪੀਸੀ ਦੀ ਕਾਰਜਕਾਰਨੀ ਕਮੇਟੀ ਦੇ ਤਾਜ਼ਾ ਫੈਸਲਿਆਂ ‘ਤੇ ਕੋਈ ਟਿੱਪਣੀ ਨਹੀਂ ਕੀਤੀ, ਜਿਸ ਵਿੱਚ ਜਥੇਦਾਰਾਂ ਨੂੰ ਹਟਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਗਠਿਤ ਸੱਤ-ਮੈਂਬਰੀ ਕਮੇਟੀ ਦੇ ਕਰਤੱਵ ਸ਼ਾਮਲ ਹਨ। ਇਸ ਮੁੱਦੇ ‘ਤੇ ਉਨ੍ਹਾਂ ਦੀ ਚੁੱਪ ਨੇ ਐਸਜੀਪੀਸੀ ਦੇ ਅੰਦਰੂਨੀ ਦਬਾਅ ਅਤੇ ਰਾਜਨੀਤਿਕ ਪ੍ਰਭਾਵਾਂ ਬਾਰੇ ਅਟਕਲਾਂ ਨੂੰ ਹਵਾ ਜਰੂਰ ਦਿੱਤੀ ਹੈ।  

ਇਸ ਤਾਜ਼ਾ ਫੈਸਲੇ ਨਾਲ ਸਿੱਖ ਸੰਗਤ ਅਤੇ ਰਾਜਨੀਤਿਕ ਹਲਕਿਆਂ ਵਿੱਚ ਰਲਿਆ ਮਿਲਿਆ ਪ੍ਰਤੀਕ੍ਰਰਮ ਜ਼ਾਹਰ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੇ ਚੱਲ ਰਹੇ ਸੁਧਾਰ ਲਹਿਰ ਦੇ ਨੇਤਾਵਾਂ ਅਤੇ ਵਿਰੋਧੀ ਪਾਰਟੀਆਂ ਨੇ ਜਥੇਦਾਰਾਂ ਨੂੰ ਹਟਾਏ ਜਾਣ ਦੇ ਐਸਜੀਪੀਸੀ ਦੇ ਫੈਸਲੇ ਦੀ ਕਠੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਪੰਥਕ ਮਾਮਲਿਆਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੁਤੰਤਰਤਾ ਅਤੇ ਪਵਿੱਤਰਤਾ ਨੂੰ ਕਮਜ਼ੋਰ ਕਰਦਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਐਸਜੀਪੀਸੀ ਦੇ ਕਦਮ ਬਾਹਰੀ ਦਬਾਅ ਦੇ ਅਧੀਨ ਉਠਾਏ ਗਏ ਹਨ, ਜੋ ਸਿੱਖ ਪੰਥ ਦੀ ਸਰਵਉੱਚ ਸੰਸਥਾ ਦੇ ਨੈਤਿਕ ਅਧਿਕਾਰ ਨੂੰ ਕਮਜ਼ੋਰ ਕਰ ਸਕਦੇ ਹਨ।  

ਵਿਰੋਧੀ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ, ਜਿਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਲ ਹਨ, ਨੇ ਵੀ ਇਸ ਫੈਸਲੇ ਨੂੰ “ਇਕਤਰਫ਼ਾ” ਅਤੇ “ਸਿੱਖ ਪਰੰਪਰਾਵਾਂ ਦੀ ਭਾਵਨਾ ਦੇ ਖਿਲਾਫ਼” ਦੱਸਦੇ ਹੋਏ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਅਤੇ ਐਸਜੀਪੀਸੀ ਨੂੰ ਗੁਰਮਤ ਦੇ ਸਿਧਾਂਤਾਂ ਅਤੇ ਪੰਥਕ ਏਕਤਾ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ।  

ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕਾਰਜਕਾਰੀ ਜਥੇਦਾਰ ਵਜੋਂ ਨਿਯੁਕਤੀ ਅਤੇ ਉਨ੍ਹਾਂ ਦਾ ਕਾਰਜਕਾਲ ਸਿੱਖ ਸੰਗਤ ਦੀਆਂ ਮੁੱਖ ਧਾਰਮਿਕ ਅਤੇ ਸਮਾਜਿਕ ਚੁਣੌਤੀਆਂ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਬਾਰੀਕੀ ਨਾਲ ਵੇਖਿਆ ਜਾਵੇਗਾ। ਇਹ ਤਬਦੀਲੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਇੱਕ ਨਿਰਣਾਇਕ ਮੋੜ ਹੈ। ਸਿੱਖ ਪੰਥ ਆਪਣੇ ਨੇਤਾਵਾਂ ਤੋਂ ਗੁਰਮਤ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਅਤੇ ਸੰਗਤ ਦੀ ਸੇਵਾ ਕਰਨ ਲਈ ਅਟੁੱਟ ਸਮਰਪਣ ਦੀ ਆਸ ਰੱਖਦਾ ਹੈ।