arrow

ਫਸਲਾਂ ਦਾ ਸਮਰਥਨ ਮੁੱਲ ਸਵਾਮੀਨਾਥਨ ਮੁਤਾਬਕ ਮਿਲੇ- ਬਾਦਲ

ਚੰਡੀਗੜ੍ਹ 27 ਜੂਨ-

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਦੇਸ਼ 'ਚ ਖੇਤੀ ਕੀਮਤਾਂ ਨੂੰ ਤੈਅ ਕਰਨ ਦੇ ਮਾਪਦੰਡ ਦੀ ਪ੍ਰੀਕਿਰਿਆ ਦੀ ਸਮੀਖਿਆ ਕਰਨ ਦੀ ਕਾਰਵਾਈ ਅਰੰਭੇ ਤਾਂ ਜੋ ਘਾਟੇ ਦਾ ਸੌਦਾ ਬਣਦੇ ਜਾ ਰਹੇ ਖੇਤੀ ਕਿੱਤੇ ਨੂੰ ਮੁੜ ਲੀਹਾਂ 'ਤੇ ਲਿਆਉਣ ਸਣੇ ਕਿਸਾਨਾਂ ਨੂੰ ਕੌਮੀ ਖ਼ੁਰਾਕ ਸੁਰੱਖਿਆ 'ਚ ਆਪਣਾ ਭਰਵਾਂ ਹਿੱਸਾ ਪਾਉਣ ਬਦਲੇ ਬਣਦਾ ਹੱਕ ਦਿੱਤਾ ਜਾ ਸਕੇ।

ਕੇਂਦਰ ਸਰਕਾਰ ਵੱਲੋਂ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਕੀਤੇ ਗਏ 50 ਰੁਪਏ ਦੇ ਵਾਧੇ ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਬਾਦਲ ਨੇ ਕਿਹਾ ਕਿ ਨਵੇਂ ਘੱਟੋ-ਘੱਟ ਸਮਰਥਨ ਮੁੱਲ ਨੂੰ, ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਯੂ.ਪੀ.ਏ. ਸਰਕਾਰ ਵੱਲੋਂ ਖੇਤੀ ਦੇ ਲਾਗਤ ਖ਼ਰਚਿਆਂ ਵਿੱਚ ਕੀਤੇ ਭਾਰੀ ਵਾਧੇ ਨਾਲ ਤੁਲਨਾ ਕਰ ਕੇ ਵੇਖਿਆ ਜਾਵੇ।

ਉਨ੍ਹਾਂ ਫ਼ਸਲਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਨਿਰਧਾਰਤ ਕਰਨ ਵਿੱਚ ਪ੍ਰਸਿੱਧ ਖੇਤੀ ਸ਼ਾਸਤਰੀ ਡਾ. ਐਮ.ਐਸ. ਸਵਾਮੀਨਾਥਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ ਦੀ ਵਕਾਲਤ ਵੀ ਕੀਤੀ। ਉਨ੍ਹਾਂ ਕਿਹਾ ਕਿ ਸਵਾਮੀਨਾਥਨ ਫ਼ਾਰਮੂਲੇ ਵਜੋਂ ਜਾਣੀਆਂ ਜਾਂਦੀਆਂ ਇਨ੍ਹਾਂ ਸਿਫ਼ਾਰਿਸ਼ਾਂ ਵਿੱਚ ਕਿਸਾਨਾਂ ਵੱਲੋਂ ਹਰ ਫ਼ਸਲ ਦੀ ਪੈਦਾਵਾਰ 'ਤੇ ਕੀਤੇ ਗਏ ਕੁਲ ਖ਼ਰਚੇ ਸਣੇ 50 ਫ਼ੀਸਦੀ ਮੁਨਾਫ਼ਾ ਦੇਣ ਦੀ ਗੱਲ ਕਹੀ ਗਈ ਹੈ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੋਵੇਂ ਹੀ ਇਸ ਫ਼ਾਰਮੂਲੇ ਦੇ ਹੱਕ ਵਿੱਚ ਵੀ ਹਨ।

ਜ਼ਿਕਰਯੋਗ ਹੈ ਕਿ ਪਿਛਲੀ ਯੂ.ਪੀ.ਏ ਸਰਕਾਰ ਦੌਰਾਨ ਅਕਾਲੀ-ਭਾਜਪਾ ਨੇ ਫੜ੍ਹ ਲਾਈ ਹੋਈ ਸੀ ਕਿ ਕਿਸਾਨਾਂ ਨੂੰ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਫਸਲਾਂ ਦਾ ਸਮਰਥਨ ਮੁੱਲ ਮਿਲੇ, ਹੁਣ ਜੋਂ ਕੇਂਦਰ 'ਚ ਖੁਦ ਭਾਜਪਾ ਦੀ ਸਰਕਾਰ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਆਪ ਹੁਣ ਸਵਾਮੀਨਾਥਨ ਦੇ ਫਾਰਮੂਲੇ 'ਤੇ ਕਿੰਨਾ ਕੁ ਅਮਲ ਕਰਦੀ ਹੈ।