arrow

ਵੱਖਰੀ ਹਰਿਆਣਾ ਕਮੇਟੀ 'ਤੇ ਫੈਸਲਾ 6 ਨੂੰ

ਚੰਡੀਗੜ੍ਹ 27 ਜੂਨ-

ਹਰਿਆਣਾ ਦੀ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਲਾਨ ਆਗਾਮੀ ਛੇ ਜੁਲਾਈ ਨੂੰ ਕੈਥਲ ਵਿਚ ਹੋਣ ਵਾਲੇ ਸਿੱਖ ਸੰਮੇਲਨ ਵਿਚ ਹੋ ਸਕਦਾ ਹੈ। ਇਹ ਦਾਅਵਾ ਹਰਿਆਣਾ ਦੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਆਪਣੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਚੱਠਾ ਨੇ ਕਿਹਾ ਕਿ ਜੇ ਮੈਂ ਮੰਤਰੀ ਹਾਂ ਤਾਂ ਹਰਿਆਣਾ ਦਾ ਸਿੱਖ ਵੀ ਹਾਂ। ਸੂਬੇ ਦੇ ਗੁਰਦੁਆਰਿਆਂ ਵਿਚ ਨੌਕਰੀ ਅੰਮ੍ਰਿਤਸਰ ਦੇ ਕਰਦੇ ਹਨ। ਇਥੋਂ ਦੇ ਗੁਰਦੁਆਰਿਆਂ ਦੀ ਆਮਦਨੀ ਅੰਮ੍ਰਿਤਸਰ ਵਿਚ ਵਰਤੀ ਜਾਂਦੀ ਹੈ। ਆਮਦਨੀ ਅਨੁਸਾਰ ਇਥੇ ਉਨਾ ਪੈਸਾ ਨਹੀਂ ਲੱਗਦਾ ਹੈ। ਹਰਿਆਣਾ ਦੇ ਸਿੱਖ ਨੌਜਵਾਨ ਬੇਰੁਜ਼ਗਾਰ ਹਨ ਪਰ ਐਸ.ਜੀ.ਪੀ.ਸੀ. ਨੌਕਰੀ ਨਹੀਂ ਦਿੰਦੀ। ਮੈਂ ਇਕ ਗੁਰਦੁਆਰੇ ਵਿਚ ਗਿਆ ਸੀ, ਉਥੇ 21 ਵਿਚੋਂ ਸਿਰਫ ਇਕ ਸਿੱਖ ਹਰਿਆਣਾ ਦਾ ਸੀ। ਮੈਂ ਤਾਂ ਰਿਪੋਰਟ ਸਰਕਾਰ ਨੂੰ ਦੇ ਦਿੱਤੀ ਸੀ ਅਤੇ ਸਿਫਾਰਿਸ਼ ਕੀਤੀ ਸੀ ਵੱਖਰੀ ਕਮੇਟੀ ਬਣਨੀ ਚਾਹੀਦੀ ਹੈ।

ਅੱਗੇ ਚੱਲਦਿਆਂ ਚੱਠਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਹੈ ਨਾ ਕਿ ਪਾਰਟੀ ਦੀ। ਸਰਕਾਰ ਬਣਨ ਤੋਂ ਪਹਿਲਾਂ ਪਾਰਟੀ  ਹੁੰਦੀ ਹੈ, ਬਾਅਦ ਵਿਚ ਪੂਰੇ ਦੇਸ਼ ਦੀ ਸਰਕਾਰ ਹੁੰਦੀ ਹੈ। ਫੈਸਲਾ ਦੇਸ਼ ਹਿੱਤ ਵਿਚ ਕੀਤੇ ਜਾਂਦੇ ਹਨ। ਇਹ ਪੁੱਛਣ 'ਤੇ ਕਿ ਐਸ.ਜੀ.ਪੀ.ਸੀ. ਪ੍ਰਧਾਨ ਅਵਤਾਰ ਸਿੰਘ ਮੱਕੜ ਕਹਿ ਰਹੇ ਹਨ ਕਿ ਗੁਰਦੁਆਰਾ ਐਕਟ 1925 ਅਨੁਸਾਰ ਵੱਖਰੀ ਕਮੇਟੀ ਨਹੀਂ ਬਣ ਸਕਦੀ। ਚੱਠਾ ਨੇ ਕਿਹਾ ਕਿ ਮੱਕੜ ਨੂੰ ਮੂਲ ਗੱਲਾਂ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਉਹ ਕਿਸੇ ਦੇ ਕਹਿਣ 'ਤੇ ਬਿਆਨ ਦਿੰਦੇ ਹਨ। ਚੱਠਾ ਨੇ ਜ਼ੋਰ ਦੇ ਕੇ ਕਿਹਾ ਕਿ ਅਸੀਂ ਵੱਖਰੀ ਕਮੇਟੀ ਬਣਾ ਸਕਦੇ ਹਾਂ। ਮੈਂ ਉਮੀਦ ਰੱਖਦਾ ਹਾਂ ਕਿ ਮੁੱਖ ਮੰਤਰੀ ਇਸ ਦਾ ਐਲਾਨ ਕਰਨਗੇ। ਕਮੇਟੀ ਦੇ ਚੇਅਰਮੈਨ ਦੇ ਨਾਤੇ ਮੈਂ ਕਹਿ ਸਕਦਾ ਹਾਂ ਕਿ ਵੱਖਰੀ ਕਮੇਟੀ ਹੋਵੇ। ਇਸ ਨਾਲ ਸਿੱਖਾਂ ਨੂੰ ਸ਼ਾਂਤੀ ਮਿਲੇਗੀ।