arrow

ਖਹਿਰਾ ਤੇ ਬੀਬੀ ਜਗੀਰ ਕੌਰ 'ਚ ਫਿਰ ਖੜਕੀ

ਮਾਮਲਾ 100 ਕਰੋੜ ਦੀ ਜ਼ਮੀਨ ਦਾ

ਜਲੰਧਰ 27 ਜੂਨ-

ਪੰਜਾਬ ਕਾਂਗਰਸ  ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ 'ਚ ਫਿਰ ਖੜਕ ਪਈ ਹੈ। ਖਹਿਰਾ ਨੇ ਪੰਜਾਬ ਦੇ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ, ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਨਗਰ ਪੰਚਾਇਤ ਬੇਗੋਵਾਲ ਦੀ ਲਗਭਗ 100 ਕਰੋੜ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਇਸ ਮਾਮਲੇ ਵਿਚ ਬੀਬੀ ਜਗੀਰ ਕੌਰ ਦਖਲ ਦੇ ਰਹੇ ਹਨ। ਉਨ੍ਹਾਂ ਪੱਤਰ  ਵਿਚ ਲਿਖਿਆ ਹੈ ਕਿ ਪੰਜਾਬ ਸਰਕਾਰ ਨੂੰ ਉਨ੍ਹਾਂ ਨੇ ਪਹਿਲਾਂ ਵੀ ਸ਼ਿਕਾਇਤ ਭੇਜੀ ਸੀ ਪਰ ਸਰਕਾਰ ਨੇ ਆਪਣੀ ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ। ਕਾਂਗਰਸ ਆਗੂ ਨੇ ਕਿਹਾ ਕਿ ਉਕਤ ਜ਼ਮੀਨ 'ਤੇ ਲਗਭਗ 1 ਕਿਲੋਮੀਟਰ ਤੱਕ ਉਸਾਰੀ ਦਾ ਕੰਮ ਹੋ ਚੁੱਕਾ ਹੈ ਅਤੇ ਨਾਲ ਹੀ 7 ਫੁੱਟ ਉੱਚੀ ਚਾਰਦੀਵਾਰੀ ਵੀ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਕਿਉਂਕਿ ਸਰਕਾਰ ਇਸ ਮਾਮਲੇ ਵਿਚ ਕੁਝ ਵੀ ਕਰਨ 'ਚ ਅਸਫਲ ਰਹੀ  ਹੈ, ਇਸ ਲਈ ਬੇਗੋਵਾਲ ਦੇ ਵਾਸੀ ਜਾਰਜ ਸ਼ੁੱਭ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ, ਕਪੂਰਥਲਾ ਦੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਨੂੰ 28 ਅਕਤੂਬਰ ਲਈ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੀ ਜ਼ਮੀਨ 'ਤੇ ਨਾਜਾਇਜ਼ ਤੌਰ 'ਤੇ ਚਾਰਦੀਵਾਰੀ  ਕਰਨ ਦਾ ਕੰਮ ਤੁਰੰਤ ਬੰਦ ਹੋਣਾ ਚਾਹੀਦਾ ਹੈ।

ਖਹਿਰਾ ਦੀ ਆਦਤ ਹੈ ਝੂਠੀਆਂ ਸ਼ਿਕਾਇਤਾਂ ਕਰਨੀਆਂ- ਜਗੀਰ ਕੌਰ

ਦੂਜੇ ਪਾਸੇ ਬੀਬੀ ਜਗੀਰ ਕੌਰ ਨੇ ਖਹਿਰਾ ਵਲੋਂ ਲਗਾਏ ਗਏ ਦੋਸ਼ਾਂ ਨੂੰ ਝੂਠਲਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਨਗਰ ਪੰਚਾਇਤ ਦੇ ਕੰਮ 'ਚ ਦਖਲ ਨਹੀਂ ਦਿੱਤਾ। ਮੀਡੀਆ ਖੁਦ ਬੇਗੋਵਾਲ ਨਗਰ ਪੰਚਾਇਤ ਨਾਲ ਗੱਲਬਾਤ ਕਰਕੇ ਸਾਰੀ ਸਥਿਤੀ ਸਮਝ ਸਕਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਦੀ ਆਦਤ ਬਣ ਚੁੱਕੀ ਹੈ ਕਿ ਉਹ ਝੂਠੀਆਂ ਸ਼ਿਕਾਇਤਾਂ ਭੇਜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਕਿਉਂ ਕਿਸੇ ਨੂੰ ਨਾਜਾਇਜ਼ ਕਬਜ਼ਾ ਕਰਵਾਉਣ ਦੀ ਆਗਿਆ ਦੇਣਗੇ।