arrow

ਮਜੀਠੀਆ ਕਿਹੜੇ ਮੂੰਹ ਨਾਲ ਲੋਕਾਂ ਦੇ ਮੱਥੇ ਲੱਗੇ- ਕੈਪਟਨ

ਅੰਮ੍ਰਿਤਸਰ 27 ਜੂਨ-

ਤਿੰਨ ਦਿਨਾ ਧੰਨਵਾਦੀ ਦੌਰੇ 'ਤੇ ਅੰਮ੍ਰਿਤਸਰ ਪੁੱਜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਵਿਚ ਕਾਂਗਰਸ ਪਾਰਟੀ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਹਲਕਾ ਮਜੀਠਾ ਵਿਚ ਰੋਡ ਸ਼ੋਅ ਦੌਰਾਨ ਹਲਕਾ ਮਜੀਠਾ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਚੱਲੀ ਹਵਾ ਨੂੰ ਰੋਕੀ ਰੱਖਿਆ ਜਿਸ ਕਾਰਨ ਉਹ ਲੋਕ ਸਭਾ ਵਿਚ ਪੁੱਜ ਸਕੇ ਸਨ।

ਉਨ੍ਹਾਂ ਨੇ ਕਿਹਾ ਕਿ ਜਿੰਨੀ ਦਲੇਰੀ ਦੇ ਨਾਲ ਉਨ੍ਹਾਂ ਨੇ ਲੋਕ ਸਭਾ ਵਿਚ ਅਕਾਲੀ-ਭਾਜਪਾ ਗਠਜੋੜ  ਪਾਰਟੀ ਦੇ ਉਮੀਦਵਾਰ ਨੂੰ ਮੂਧੇ ਮੂੰਹ ਸੁੱਟਿਆ ਹੋਣ ਕਾਰਨ ਹੀ ਅੱਜ ਉਨ੍ਹਾਂ ਦਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਿਸੇ ਦੇ ਮੂੰਹ ਮੱਥੇ ਲੱਗਣ ਜੋਗਾ ਨਹੀਂ ਰਿਹਾ। ਉਹ ਆਪਣੇ ਹਲਕੇ ਦੇ ਲੋਕਾਂ ਨੂੰ ਪਿੱਠ ਵਿਖਾ ਕੇ ਭੱਜ ਗਿਆ ਹੈ । ਜਦੋਂ ਕਿ ਉਸ ਨੂੰ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਲੋਕਾਂ ਵਿਚ ਆ ਕੇ ਉਨ੍ਹਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਕ ਤੋਂ ਵਧ ਕੇ ਕੀਤੇ ਧੱਕਿਆਂ, ਪਰਚਿਆਂ ਅਤੇ ਨਸ਼ਿਆਂ ਦਾ ਜਾਲ ਵਿਛਾ ਕੇ ਜਿਸ ਤਰ੍ਹਾਂ ਉਸ ਨੇ ਲੋਕਾਂ ਦਾ ਜਿਉੂਣਾ ਔਖਾ ਕਰ ਦਿੱਤਾ ਸੀ, ਦੇ ਕਾਰਨ ਹੀ ਉਹ ਅੱਜ ਲੋਕਾਂ ਸਾਹਮਣੇ ਨਹੀਂ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਪਿੱਛੇ ਜਿਹੇ ਉਹ ਸ਼ਿਮਲੇ ਵਿਚ ਵੇਖਿਆ ਗਿਆ ਸੀ ਤੇ ਹੁਣ ਉਸ ਦਾ ਕੋਈ ਪਤਾ ਨਹੀਂ ਕਿਥੇ ਹੈ। ਉਸ ਦਾ ਦਫਤਰ ਵੀ ਬੰਦ ਹੈ ਅਤੇ ਲੋਕ ਉਸ ਨੂੰ ਲੱਭਦੇ ਫਿਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਸਜ਼ਾ ਲੋਕਾਂ ਨੇ ਅਰੁਣ ਜੇਤਲੀ ਨੂੰ ਹਰਾ ਕੇ ਦੇ ਦਿੱਤੀ ਹੈ ਦੂਸਰੀ ਸਜ਼ਾ ਉਸ ਨੂੰ ਸੱਚੇ ਦਰਬਾਰ 'ਚ ਵੀ ਭੁਗਤਣੀ ਪਵੇਗੀ, ਕਿਉਂਕਿ ਕਈਆਂ ਮਾਵਾਂ ਦੀਆਂ ਹਾਵਾਂ ਉਸ ਲੱਗਣੀਆਂ ਹਨ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਝੂਠੇ ਆਦਮੀ ਦੱਸਦਿਆਂ ਕਿਹਾ ਕਿ ਉਸ ਦੇ ਕੋਲ ਸਭ ਰਿਪੋਰਟਾਂ ਹਨ ਜਿਨ੍ਹਾਂ  ਲਈ ਸਬੂਤਾਂ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿਰਫ ਸਬੂਤ ਦੇਣ ਦੀ ਗੱਲ ਕਹਿ ਕੇ ਡਰਾਮੇ ਕਰ ਰਿਹਾ ਹੈ । ਜਦੋਂ ਕਿ ਉਸ ਨੂੰ ਪਤਾ ਹੈ ਕਿ ਉਸ ਦੇ ਅਕਾਲੀ ਆਗੂ ਕਿਥੇ-ਕਿਥੇ ਨਸ਼ਾ ਬਣਾਉਣ ਅਤੇ ਵੇਚਣ ਵਿਚ ਕਿਵੇਂ-ਕਿਵੇਂ ਸ਼ਾਮਲ ਹਨ। ਉਨ੍ਹਾਂ ਨੇ ਪੰਜਾਬ ਵਿਚ ਹੁਣ ਤੱਕ ਫੜੇ 30 ਹਜ਼ਾਰ ਬੱਚਿਆਂ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਲੈ ਕੇ ਜਾਣ ਲਈ ਕੇਂਦਰ ਸਰਕਾਰ ਤੋਂ ਫੰਡਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਚੰਗੇ ਨਸ਼ੇ ਛੁਡਾਊ ਕੇਂਦਰ ਖੋਲ੍ਹਣੇ ਚਾਹੀਦੇ ਹਨ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਇਥੋਂ 47 ਹਜ਼ਾਰ ਤੋਂ ਵੱਧ ਵੋਟਾਂ ਦੇ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣਾ ਉਨ੍ਹਾਂ ਦੀ ਜਿੰਮੇਵਾਰੀ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਛੋਟੇ-ਵੱਡੇ ਅਕਾਲੀ ਸਮੱਗਲਰਾਂ ਨਾਲ ਨਜਿੱਠਿਆ ਜਾਵੇਗਾ ਬਸ ਲੋਕ ਆਪਣਾ ਮਨ ਬਣਾ ਲੈਣ। ਰੋਡ ਸ਼ੋਅ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਦੇ ਘਰ ਰੱਖੇ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ 'ਚ ਸ਼ਾਮਲ ਹੋਏੇ। ਇਸ ਸਮੇਂ ਉਨ੍ਹਾਂ ਨੇ ਲਾਲੀ ਮਜੀਠੀਆ ਵਲੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਹਾਲਾਤ ਤੋਂ ਜਾਣੂ ਕਰਵਾਉਂਦੇ ਉਠਾਏ ਗਏ ਮੁੱਦਿਆਂ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਪੰਜਾਬ ਸਰਕਾਰ ਦੀ ਕਠਪੁਤਲੀ ਬਣ ਜਾਣ ਨੂੰ ਵੀ ਲੋਕ ਸਭਾ ਵਿਚ ਉਠਾਉਣ ਦੀ ਗੱਲ ਕਹੀ।

ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਹੁਣ ਲੋਕ ਸਭਾ  ਵਿਚ ਉਪ ਨੇਤਾ ਬਣ ਗਏ ਹਨ। ਉਨ੍ਹਾਂ ਦੀ ਜ਼ਿੰਮੇਵਾਰੀ ਵੀ ਵਧ ਗਈ ਹੈ ਪਰ ਇਸ ਦੇ ਬਾਵਜੂਦ ਉਹ ਮਜੀਠੇ ਹਲਕੇ ਦੇ ਲੋਕਾਂ ਦੇ ਧੰਨਵਾਦ ਲਈ ਇਥੇ ਪੁੱਜੇ ਹਨ। ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਜੰਗਲ ਰਾਜ ਵੇਖਿਆ ਹੈ ਅਤੇ ਹੁਣ ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਬਣਨ 'ਤੇ ਚੰਗੇ ਦਿਨ ਆਉਣ ਦੀ ਆਸ ਬੱਝੀ ਹੈ।

ਲਾਲੀ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦੇ ਇਹ ਵੀ ਧਿਆਨ ਵਿਚ ਲਿਆਂਦਾ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਅਸਲੀਅਤ ਕੀ ਹੈ ਅਤੇ ਕਿਵੇਂ ਅੱਜ ਵੀ ਉਨ੍ਹਾਂ ਨੂੰ ਮਜੀਠੇ ਵਿਚ ਉਨ੍ਹਾਂ ਦੀ ਧੰਨਵਾਦੀ ਰੈਲੀ ਕਰਨ ਲਈ ਇਕ ਪੈਲੇਸ ਵੀ ਮੁਹੱਈਆ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਰੇ ਪੈਲੇਸ ਮਾਲਕਾਂ ਵਾਲਿਆਂ ਨੂੰ ਪੈਲੇਸ ਦੇਣ ਤੋਂ ਰੋਕ ਦਿੱਤਾ ਗਿਆ ਹੈ।

ਭੋਗ ਉਪਰੰਤ ਵਿਧਾਨ ਸਭਾ ਹਲਕਾ ਮਜੀਠਾ ਦੇ ਮੁੱਖ ਬਾਜ਼ਾਰਾਂ 'ਚ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਡ ਸ਼ੋਅ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਰਾਣਾ ਗੁਰਜੀਤ ਸਿੰਘ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਦਿਨੇਸ਼ ਬੱਸੀ, ਕੁਲਦੀਪ ਸਿੰਘ ਧਾਲੀਵਾਲ, ਡਾ. ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਵਿਕਾਸ ਸੋਨੀ, ਰਾਜਾ ਮਾਲਵਿੰਦਰ ਸਿੰਘ, ਹਰਜਿੰਦਰ ਸਿੰਘ ਠੇਕੇਦਾਰ, ਹਰਜਿੰਦਰ ਸਿੰਘ ਸਾਂਘਣਾ, ਮਨਦੀਪ ਸਿੰਘ ਮੰਨਾ, ਭਗਵੰਤਪਾਲ ਸਿੰਘ ਸੱਚਰ ਆਦਿ ਹਾਜ਼ਰ ਸਨ।