arrow

ਨਕਸਲੀਆਂ ਨਾਲ ਕੋਈ ਗੱਲਬਾਤ ਨਹੀਂ- ਰਾਜਨਾਥ ਸਿੰਘ

ਨਕਸਲ ਪ੍ਰਭਾਵਿਤ ਰਾਜਾਂ ਨਾਲ ਉੱਚ ਪੱਧਰੀ ਮੀਟਿੰਗ ਵਿਚ ਰਣਨੀਤੀ ਬਾਰੇ ਵਿਚਾਰਾਂ

ਨਵੀਂ ਦਿੱਲੀ 27 ਜੂਨ-

ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨਕਸਲਵਾਦ ਤੋਂ ਪ੍ਰਭਾਵਤ ਰਾਜਾਂ ਦੇ ਚੋਟੀ ਦੇ ਨੌਕਰਸ਼ਾਹਾਂ ਨਾਲ ਮੀਟਿੰਗ ਕੀਤੀ ਅਤੇ ਮੀਟਿੰਗ ਪਿੱਛੋਂ ਨਕਸਲੀਆਂ ਖਿਲਾਫ ਸਖਤ ਰੁਖ ਅਖਤਿਆਰ ਕਰਦੇ ਹੋਏ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਨਕਸਲੀਆਂ ਨਾਲ ਕੋਈ ਗੱਲਬਾਤ ਨਹੀਂ ਕਰੇਗੀ ਸਗੋਂ ਸੰਤੁਲਤ ਪਹੁੰਚ ਅਪਣਾਵੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਨਕਸਲੀਆਂ ਨੇ ਹਮਲਾ ਕੀਤਾ ਤਾਂ ਸੁਰੱਖਿਆ ਬਲ ਜਵਾਬੀ ਕਾਰਵਾਈ ਕਰਨਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਕੇਂਦਰ ਨਕਸਲਵਾਦ ਨਾਲ ਲੜ ਰਹੀਆਂ ਫੋਰਸਾਂ ਨੂੰ ਲਾਭ ਮੁਹੱਈਆ ਕਰਵਾਏਗਾ। ਅਧਿਕਾਰੀਆਂ ਨੇ ਸ੍ਰੀ ਰਾਜਨਾਥ ਸਿੰਘ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਨਕਸਲਵਾਦ ਨਾਲ ਨਜਿੱਠਣ ਸਮੇਂ ਸੁਰੱਖਿਆ ਬਲਾਂ ਨੂੰ ਦਰੇਪਸ਼ ਮੁਸ਼ਕਿਲਾਂ ਬਾਰੇ ਦੱਸਿਆ।

ਮੀਟਿੰਗ ਵਿਚ ਦੂਰਸੰਚਾਰ ਟਾਵਰਾਂ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਉਠਿਆ ਕਿਉਂਕਿ ਮੀਟਿੰਗ ਵਿਚ ਮੌਜੂਦ ਵਿਭਾਗ ਦੇ ਅਧਿਕਾਰੀਆਂ ਨੇ ਟਾਵਰਾਂ ਨੂੰ ਬਿਹਤਰ ਸੁਰੱਖਿਆ ਦੇਣ ਦੀ ਮੰਗ ਕੀਤੀ। ਓਡੀਸ਼ਾ ਦੇ ਪੁਲਿਸ ਮੁਖੀ ਨੇ ਕੇਂਦਰ-ਰਾਜਾਂ 'ਚ ਵਧੇਰੇ ਤਾਲਮੇਲ 'ਤੇ ਜ਼ੋਰ ਦਿੱਤਾ ਅਤੇ ਨਕਸਲਵਾਦ ਦੇ ਖਤਰੇ ਨਾਲ ਨਜਿੱਠਣ ਲਈ ਹੈਲੀਕਾਪਟਰ ਦੇਣ ਦੀ ਮੰਗ ਕੀਤੀ। ਮੀਟਿੰਗ ਵਿਚ ਤੇਲੰਗਾਨਾ ਸਮੇਤ ਨਕਸਲਵਾਦ ਤੋਂ ਪ੍ਰਭਾਵਤ 10 ਰਾਜਾਂ ਦੇ ਅਧਿਕਾਰੀਆਂ ਨੇ ਮੀਟਿੰਗ 'ਚ ਹਿੱਸਾ ਲਿਆ।