arrow

ਰੂਸ ਅਤੇ ਬੇਲਾਰੂਸ ਤੋਂ ਮਦਦ ਮਿਲਣ 'ਤੇ ਪਾਸਾ ਪਲਟ ਜਾਵੇਗਾ- ਇਰਾਕ

ਬਗਦਾਦ 27 ਜੂਨ-

ਇਰਾਕ ਦੇ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ਨੇ ਕਿਹਾ ਕਿ ਰੂਸ ਅਤੇ ਬੇਲਾਰੂਸ ਤੋਂ ਲੜਾਕੂ ਜੈੱਟ ਹਵਾਈ ਜਹਾਜ਼ ਮਿਲਣ ਤੋਂ ਬਾਅਦ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਖਤਮ ਕਰਕੇ ਸੁੰਨੀ ਅੱਤਵਾਦੀਆਂ ਦੇ ਵਧਦੇ ਕਦਮਾਂ ਨੂੰ ਰੋਕਿਆ ਜਾ ਸਕੇਗਾ।

ਮਲਿਕੀ ਨੇ ਕਿਹਾ ਕਿ ਅਮਰੀਕੀ ਹਵਾਈ ਜਹਾਜ਼ਾਂ ਨੂੰ ਖਰੀਦਣ ਦੀ ਪ੍ਰਕਿਰਿਆ ਲੰਬੇ ਸਮੇਂ ਤੋਂ ਰੁਕੀ ਪਈ ਹੈ ਅਤੇ ਜੇਕਰ ਹਵਾਈ ਫੌਜ ਦੇ ਕੋਲ ਹਵਾਈ ਹਮਲਾ ਕਰਨ ਦੀ ਸਹੂਲਤ ਹੁੰਦੀ ਤਾਂ ਅੱਤਵਾਦੀਆਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਸੀ। ਇਰਾਕ ਰੂਸ ਅਤੇ ਬੇਲਾਰੂਸ ਤੋਂ ਪੁਰਾਣੇ ਲੜਾਕੂ ਹਵਾਈ ਜਹਾਜ਼ ਖਰੀਦ ਰਿਹਾ ਹੈ, ਜੋ ਦੋ ਤੋਂ ਤਿੰਨ ਦਿਨ 'ਚ ਇਥੇ ਪਹੁੰਚ ਜਾਣਗੇ।

ਜ਼ਿਕਰਯੋਗ ਹੈ ਕਿ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਤ ਅਤੇ ਸੁੰਨੀ ਅੱਤਵਾਦੀਆਂ ਨੇ ਦੇਸ਼ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ। ਦੇਸ਼ ਦੇ ਅਸਤੀਤਵ ਨੂੰ ਖਤਰੇ 'ਚ ਦੇਖ ਇਰਾਕੀ ਨੇਤਾਵਾਂ ਨੇ ਅਮਰੀਕਾ ਤੋਂ ਅੱਤਵਾਦੀਆਂ ਦੇ ਟਿਕਾਣਿਆਂ 'ਤੇ ਹਵਾਈ ਹਮਲਾ ਕਰਨ ਦੀ ਬੇਨਤੀ ਕੀਤੀ ਸੀ। ਅਮਰੀਕਾ ਨੇ ਇਰਾਕ ਨੂੰ ਮਦਦ ਦਾ ਵਿਸ਼ਵਾਸ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਇਰਾਕੀ ਫੌਜ ਹੀ ਅੱਤਵਾਦੀਆਂ ਨੂੰ ਮਾਤ ਦੇ ਸਕਦੀ ਹੈ।