arrow

ਝੌਨੇ ਦੀ ਕੀਮਤ 'ਚ ਮਾਮੂਲੀ ਵਾਧੇ ਲਈ ਮੋਦੀ, ਬਾਦਲ 'ਤੇ ਵਰ੍ਹੇ ਬਾਜਵਾ

ਚੰਡੀਗੜ੍ਹ 26 ਜੂਨ-

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਨਰਿੰਦਰ ਮੋਦੀ ਸਰਕਾਰ ਵੱਲੋਂ ਬੀਤੇ ਦਿਨ ਝੌਨੇ ਦੀ ਫਸਲ ਲਈ ਘੱਟੋਂ ਘੱਟ ਸਮਰਥਨ ਮੁੱਲ 'ਚ ਕੀਤੇ ਗਏ 50 ਰੁਪਏ ਵਾਧੇ ਨੂੰ ਮਾਮੂਲੀ ਦੱਸਦਿਆਂ ਇਸਦੀ ਅਲੋਚਨਾ ਕੀਤੀ ਹੈ ਤੇ ਕਿਸਾਨਾਂ ਨਾਲ ਇਕ ਮਾੜਾ ਮਜ਼ਾਕ ਦੱਸਿਆ ਹੈ। ਨਾਲ ਹੀ ਉਨ੍ਹਾਂ ਨੇ ਇਸਨੂੰ ਭਵਿੱਖ 'ਚ ਇਸ ਸਰਕਾਰ ਵੱਲੋਂ ਲਿਆਏ ਜਾਣ ਵਾਲੇ ਮਾੜੇ ਸਮੇਂ ਵੱਲ ਇਸ਼ਾਰਾ ਕਰਾਰ ਦਿੱਤਾ ਹੈ, ਜਿਹੜੀ ਅੱਛੇ ਦਿਨਾਂ ਦੇ ਸੁਫਨੇ ਵੇਚ ਕੇ ਸੱਤਾ 'ਚ ਆਈ ਹੈ। ਇਸ ਵਾਧੇ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਬਠਿੰਡਾ ਲੋਕ ਸਭਾ ਹਲਕੇ ਦੇ ਆਪਣੇ ਦੌਰੇ ਦੇ ਦੂਸਰੇ ਪੜਾਅ ਹੇਠ ਬਾਜਵਾ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਨੇ 2012 'ਚ ਝੌਨੇ ਦੇ ਐਮ.ਐਸ.ਪੀ '270 ਰੁਪਏ ਦਾ ਭਾਰੀ ਵਾਧਾ ਕਰਕੇ ਇਸਨੂੰ 1080 ਤੋਂ 1250 ਰੁਪਏ ਕਰ ਦਿੱਤਾ ਸੀ। ਇਸੇ ਤਰ੍ਹਾਂ, ਬੀਤੇ ਸਾਲ 60 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ। ਬਾਜਵਾ ਨੇ ਇਸ ਮਾਮੂਲੀ ਵਾਧੇ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੁੱਪੀ 'ਤੇ ਸਵਾਲ ਕਰਦਿਆਂ ਉਨ੍ਹਾਂ ਨੂੰ ਯਾਦ ਦਿਲਾਇਆ ਹੈ ਕਿ ਬੀਤੇ ਸਾਲ ਕੀਤੇ ਗਏ 60 ਰੁਪਏ ਦੇ ਵਾਧੇ ਨੂੰ ਤਾਂ ਉਹ ਬਹੁਤ ਘੱਟ ਦੱਸਦਿਆਂ ਇਸ ਨਾਲ ਕਿਸਾਨਾਂ ਦੀ ਹਾਲਤ ਹੋਰ ਪਤਲੀ ਹੋਣ ਸਬੰਧੀ ਤਰਕ ਦੇ ਰਹੇ ਸਨ।

ਬਾਜਵਾ ਨੇ ਕਿਹਾ ਕਿ ਜਦੋਂ ਬਾਦਲ ਦੀ ਪਾਰਟੀ ਸਰਕਾਰ 'ਚ ਸਾਂਝੇਦਾਰ ਨਹੀਂ ਹੁੰਦੀ, ਇਹ ਕਿਸਾਨ ਹਿਤੈਸ਼ੀ ਹੋਣ ਦਾ ਮਖੌਟਾ ਪਾ ਲੈਂਦੇ ਹਨ ਅਤੇ ਆਪਣੀ ਗਲਤੀਆਂ ਲਈ ਉਸ 'ਤੇ ਦੋਸ਼ ਲਗਾਉਣ ਲੱਗ ਪੈਂਦੇ ਹਨ। ਇਸ ਲੜੀ ਹੇਠ ਹੁਣ ਇਨ੍ਹਾਂ ਦੇ ਸਾਂਝੇਦਾਰ ਵੱਲੋਂ ਸਿਰਫ ਮਾਮੂਲੀ ਵਾਧਾ ਕਰਨ 'ਤੇ ਕਿਸਾਨ ਹਿਤੈਸ਼ੀ ਹੋਣ ਬਾਰੇ ਇਨ੍ਹਾਂ ਦੇ ਡਰਾਮੇ ਨੂੰ ਕੀ ਹੋਇਆ ਹੈ। ਬਾਦਲ ਨੇ ਲੋਕ ਸਭਾ ਚੋਣਾਂ 'ਚ ਵਾਅਦਾ ਕੀਤਾ ਸੀ ਕਿ ਕਿਸਾਨਾਂ ਨੂੰ ਸਵਾਮੀਨਾਥਨ ਕਮੇਟੀ ਵੱਲੋਂ ਸੁਝਾਏ ਫਾਰਮੂਲੇ ਮੁਤਾਬਿਕ ਐਮ.ਐਸ.ਪੀ ਮਿਲੇਗਾ, ਜਿਹੜਾ ਕਿਸਾਨਾਂ ਨੂੰ ਲਾਗਤ ਦਾ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਮੁਨਾਫਾ ਦੇਣ ਦੀ ਵਕਾਲਤ ਕਰਦਾ ਹੈ। ਲੱਗਦਾ ਹੈ ਕਿ ਉਹ ਆਪਣਾ ਵਾਅਦਾ ਭੁੱਲ ਗਏ ਹਨ।

ਉਨ੍ਹਾਂ ਨੇ ਜੋਰ ਦਿੰਦਿਆਂ ਕਿਹਾ ਕਿ ਯੂ.ਪੀ.ਏ ਸਮਾਜ ਦੇ ਸਾਰਿਆਂ ਵਰਗਾਂ 'ਤੇ ਹਿੱਤਾਂ ਨੂੰ ਧਿਆਨ 'ਚ ਰੱਖ ਰਹੀ ਸੀ, ਜਦਕਿ ਵਰਤਮਾਨ ਸ਼ਾਸਕ ਸਿਰਫ ਕਾਰਪੋਰੇਟਰਾਂ ਨੂੰ ਖੁਸ਼ ਕਰਨ 'ਤੇ ਲੱਗੇ ਹੋਏ ਹਨ, ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਦੌਰਾਨ ਫੰਡ ਦਿੱਤੇ ਸਨ। ਸਰਕਾਰ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਮੋਦੀ ਸਰਕਾਰ ਅਤੇ ਬਾਦਲ ਦੀਆਂ ਮੌਕਾਪ੍ਰਸਤ ਨੀਤੀਆਂ ਦਾ ਅਸਲੀ ਚੇਹਰਾ ਲੋਕਾਂ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।

ਨਸ਼ਿਆਂ ਦੇ ਮੁੱਦੇ 'ਤੇ ਬਾਜਵਾ ਨੇ ਬਾਦਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ 'ਤੇ ਲੋਕਾਂ ਵਿਚਾਲੇ ਐਲਾਨ ਕਰਨ ਲਈ ਕਿਹਾ ਹੈ ਕਿ ਸੂਬੇ 'ਚੋਂ ਨਸ਼ਾਖੋਰੀ ਨੂੰ ਉਖਾੜ ਸੁੱਟਣ ਸਬੰਧੀ ਉਨ੍ਹਾਂ ਦੀ ਵਚਨਬੱਧਤਾ ਹੇਠ ਤਲਵੰਡੀ ਸਾਬੋ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੌਰਾਨ ਨਸ਼ੇ ਨਹੀਂ ਵੰਡੇ ਜਾਣਗੇ।