arrow

32 ਘੰਟੇ ਕੰਮ ਕਰਨ ਬਦਲੇ ਮਿਲਦੇ ਸੀ ਸਿਰਫ 2 ਬਰੈੱਡ

ਜਲੰਧਰ 26 ਜੂਨ-

ਘਰੇਲੂ ਯੁੱਧ ਦੀ ਅੱਗ 'ਚ ਝੁਲਸ ਰਹੇ ਇਰਾਕ 'ਚ ਰੋਜ਼ੀ-ਰੋਟੀ ਕਮਾਉਣ ਗਏ 8 ਪੰਜਾਬੀ ਨੌਜਵਾਨ ਵਤਨ ਪਰਤ ਆਏ। ਸਿਟੀ ਰੇਲਵੇ ਸਟੇਸ਼ਨ 'ਤੇ ਦੁਪਹਿਰ ਨੂੰ ਅਹਿਮਦਾਬਾਦ ਤੋਂ ਆਉਣ ਵਾਲੀ ਗੱਡੀ 'ਚ ਇਰਾਕ 'ਚੋਂ ਆਪਣੀ ਜਾਨ ਬਚਾ ਕੇ ਪਰਤੇ ਨੌਜਵਾਨਾ ਨੂੰ ਲੈਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਆਲਾ ਅਧਿਕਾਰੀ ਵੀ ਪਹੁੰਚੇ।

ਇਰਾਕ ਤੋਂ ਆਏ 8 ਪੰਜਾਬੀ ਨੌਜਵਾਨਾਂ 'ਚੋਂ ਜਗਪ੍ਰੀਤ ਸਿੰਘ, ਕਮਲਦੀਪ ਸਿੰਘ,  ਵਿਨੋਦ ਕੁਮਾਰ, ਮਨਜੀਤ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ, ਬਲਵਿੰਦਰ ਸਿੰਘ, ਮਨਦੀਪ ਸਿੰਘ ਆਦਿ ਸ਼ਾਮਲ ਹਨ। ਇਨ੍ਹਾਂ 'ਚੋਂ ਜਗਪ੍ਰੀਤ ਸਿੰਘ ਜਲੰਧਰ ਅਤੇ ਵਿਨੋਦ ਕੁਮਾਰ ਫਗਵਾੜਾ ਨੇ ਆਪ ਬੀਤੀ ਸੁਣਾਉਂਦਿਆਂ ਕਿਹਾ ਕਿ ਉਹ ਕਰੀਬ 3 ਮਹੀਨੇ ਪਹਿਲਾਂ 10 ਮਾਰਚ ਨੂੰ ਰਾਮਾਮੰਡੀ ਦੇ ਇਕ ਮੇਨ ਏਜੰਟ ਅਤੇ ਮਾਹਿਲਪੁਰ ਦੇ ਇਕ ਸਬ ਏਜੰਟ ਲਖਵਿੰਦਰ ਸਿੰਘ ਦੇ ਮਾਧਿਅਮ ਰਾਹੀਂ ਇਰਾਕ ਗਏ ਸਨ ਪਰ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਦੂਜੀ ਕੰਪਨੀ ਨੂੰ ਵੇਚ ਦਿੱਤਾ ਗਿਆ।

ਇਹ ਇਰਾਕ ਦੇ ਨਜਫ ਸ਼ਹਿਰ 'ਚ ਕੰਮ ਕਰਨ ਪਹੁੰਚੇ। ਉੱਥੇ ਉਨ੍ਹਾਂ 'ਤੇ ਕੰਪਨੀ ਵਲੋਂ ਜ਼ੁਲਮ ਢਾਹੇ ਗਏ। ਉਨ੍ਹਾਂ ਨੂੰ ਕੰਮ ਕਰਨ ਦੇ ਬਦਲ ਕੋਈ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਅਤੇ 32-32 ਘੰਟੇ ਕੰਮ ਕਰਨ ਤੋਂ ਬਾਅਦ ਰਾਤ ਨੂੰ ਸਿਰਫ ਦੋ ਬਰੈੱਡ ਖਾਣ ਲਈ ਦਿੱਤੇ ਜਾਂਦੇ ਸਨ। ਜੇਕਰ ਕੰਮ ਕਰਦਾ ਹੋਇਆ ਕੋਈ ਵਿਅਕਤੀ ਥੱਕ ਜਾਂਦਾ ਸੀ ਤਾਂ ਉਸ ਨੂੰ ਸਰੀਏ ਨਾਲ ਕੁੱਟਿਆ ਜਾਂਦਾ ਸੀ। ਰਾਤ ਨੂੰ ਗਰਮੀ 'ਚ ਉਹ ਛੱਤਾਂ 'ਤੇ ਜਾ ਕੇ ਸੌਂਦੇ ਸਨ।

ਕੰਪਨੀ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਸਾਰੀ ਦਾਸਤਾਨ ਆਪਣੇ ਪਰਿਵਾਰ ਵਾਲਿਆਂ ਨੂੰ ਸੁਣਾਈ। ਕਿਸੇ ਨਾ ਕਿਸੇ ਤਰ੍ਹਾਂ ਇਹ ਨੌਜਵਾਨ ਆਪਣੇ ਪਾਸਪੋਰਟ ਹਾਸਲ ਕਰਕੇ ਹੁਣ ਆਪਣੇ ਪਰਿਵਾਰ 'ਚ ਆ ਚੁੱਕੇ ਹਨ। ਜਲੰਧਰ ਦੇ ਸਟੇਸ਼ਨ 'ਤੇ ਜਗਪ੍ਰੀਤ ਅਤੇ ਕਮਲਦੀਪ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹੰਝੂ ਛਲਕ ਪਏ। ਦੋਹਾਂ ਨੇ ਮਾਤਾ-ਪਿਤਾ ਦੇ ਪੈਰ ਛੂਹੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਮਾਵਾਂ ਨੇ ਵੀ ਆਪਣੇ ਬੱਚਿਆਂ ਨੂੰ ਗਲੇ ਲਗਾ ਕੇ ਆਪਣਾ ਕਾਲਜਾ ਠੰਡਾ ਕੀਤਾ।