arrow

ਮੋਦੀ ਸਰਕਾਰ ਦੇ 30 ਦਿਨ, 'ਅੱਛੇ ਦਿਨਾਂ' ਦੇ ਸੰਕੇਤ ਨਹੀਂ

ਨਵੀਂ ਦਿੱਲੀ 26 ਜੂਨ-

ਮੋਦੀ ਸਰਕਾਰ ਨੂੰ ਸੱਤਾ 'ਚ ਆਏ ਅੱਜ ਯਾਨੀ ਕਿ ਵੀਰਵਾਰ ਮਹੀਨਾ ਹੋ ਗਿਆ ਹੈ। 26 ਮਈ 2014 ਨੂੰ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ ਸਹੁੰ ਚੁੱਕੀ ਸੀ ਤਾਂ ਦੇਸ਼ ਨੂੰ ਉਮੀਦਾਂ ਦੇ ਖੰਭ ਲੱਗ ਗਏ ਸਨ। ਕਰੋੜਾਂ ਭਾਰਤੀਆਂ ਨੇ ਭਰੋਸੇ ਨਾਲ ਉਨ੍ਹਾਂ ਨੂੰ ਦੇਖਣਾ ਸ਼ੁਰੂ ਕੀਤਾ।

ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਨਾਅਰਾ 'ਮੋਦੀ ਜੀ ਆਉਣਗੇ, ਅੱਛੇ ਦਿਨ ਲਿਆਉਣਗੇ' ਬਹੁਤ ਲੋਕਪ੍ਰਿਅ ਹੋਇਆ ਸੀ। ਚੰਗੇ ਦਿਨਾਂ ਦੇ ਵਾਅਦੇ ਦਾ ਅਜਿਹਾ ਅਸਰ ਸੀ ਕਿ ਭਾਜਪਾ ਨੂੰ 31 ਫੀਸਦੀ ਵੋਟਾਂ ਅਤੇ 282 ਸੀਟਾਂ ਹਾਸਲ ਹੋਈਆਂ ਹਨ। ਮੋਦੀ ਦੇ ਦਾਅਵਿਆਂ 'ਤੇ ਯਕੀਨ ਕਰ ਕੇ ਵੋਟਰਾਂ ਨੇ ਉਨ੍ਹਾਂ ਨੂੰ ਵੋਟਾਂ ਪਾਈਆਂ ਸਨ। ਵੋਟਰਾਂ ਵਲੋਂ ਉਨ੍ਹਾਂ ਦਾਅਵਿਆਂ ਨੂੰ ਹਕੀਕਤ ਬਣਦੇ ਦੇਖਣਾ ਉਨ੍ਹਾਂ ਦਾ ਸੁਪਨਾ ਸੀ ਪਰ ਮਹੀਨੇ 'ਚ ਹੀ ਵਾਅਦਿਆਂ ਅਤੇ ਦਾਅਵਿਆਂ ਤੋਂ ਯਕੀਨ ਅਜਿਹਾ ਉਠਿਆ ਕਿ ਸੜਕਾਂ 'ਤੇ ਮੋਦੀ ਸਰਕਾਰ ਖਿਲਾਫ ਨਾਅਰੇ ਲੱਗਣ ਲੱਗੇ। ਮੋਦੀ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ, ਜਿਨਾਂ ਦਾ ਪੁਤਲਾ ਮਹੀਨੇ ਦੇ ਅੰਦਰ ਹੀ ਫੂਕਿਆ ਗਿਆ।

ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਮੋਦੀ ਸਰਕਾਰ ਨੇ ਯੂ. ਪੀ. ਏ. ਸਰਕਾਰ ਨੂੰ ਲੰਬੀ ਹੱਥੀਂ ਲਿਆ ਸੀ। ਉਨ੍ਹਾਂ ਨੇ ਜਨਤਾ ਨਾਲ ਮਹਿੰਗਾਈ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਸਨ। ਭਾਜਪਾ ਦੇ ਮੈਨੀਫੈਸਟੋ ਵਿਚ ਮਹਿੰਗਾਈ ਨਾਲ ਨਜਿੱਠਣ ਅਤੇ ਕੀਮਤਾਂ ਸਥਿਰ ਰੱਖਣ ਲਈ ਵਿਸ਼ੇਸ਼ ਫੰਡ ਬਣਾਉਣ ਦੀ ਗੱਲ ਕਹੀ ਗਈ ਸੀ। ਹਾਲਾਂਕਿ ਮਹੀਨੇ ਦੇ ਅੰਦਰ-ਅੰਦਰ ਹੀ ਮੋਦੀ ਸਰਕਾਰ ਨੇ ਰੇਲ ਕਿਰਾਏ 'ਚ ਵਾਧਾ ਕਰ ਕੇ ਭਵਿੱਖ ਦੇ ਸੰਕੇਤ ਦੇ ਦਿੱਤੇ।

ਪਰ 30 ਦਿਨਾਂ ਦੇ ਅੰਦਰ ਹੀ ਇਹ 'ਅੱਛੇ ਦਿਨ' 'ਮਹਿੰਗੇ ਦਿਨਾਂ' ਵਿਚ ਤਬਦੀਲ ਹੋ ਗਏ। ਬਸ ਇੰਨਾ ਹੀ ਨਹੀਂ ਨਵੀਂ ਸਰਕਾਰ ਨੇ ਆਉਂਦੇ ਹੀ ਅਜਿਹੇ ਰਾਜਪਾਲਾਂ ਨੂੰ ਹਟਾਉਣ ਦੇ ਸੰਕੇਤ ਦਿੱਤੇ। ਜਿਸ ਤੋਂ ਬਾਅਦ ਵਿਵਾਦ ਦੀ ਸਥਿਤੀ ਬਣ ਗਈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਉਹ ਰਾਜਪਾਲਾਂ ਦੀ ਥਾਂ ਹੁੰਦੇ ਤਾਂ ਅਹੁਦੇ ਤੋਂ ਹੱਟ ਜਾਂਦੇ। ਇਸ ਬਿਆਨ ਤੋਂ ਬਾਅਦ ਇਹ ਵਿਵਾਦ ਹੋਰ ਵਧ ਗਿਆ। ਹਾਲਾਂਕਿ ਸਰਕਾਰ ਦੇ ਦਬਾਅ ਕਾਰਨ ਬਾਅਦ ਵਿਚ ਕਈ ਰਾਜਪਾਲਾਂ ਨੇ ਅਸਤੀਫਾ ਦੇ ਦਿੱਤਾ।