arrow

38 ਸਾਲਾ ਸ਼ੋਏਬ ਅਖਤਰ ਨੇ 20 ਸਾਲਾ ਲੜਕੀ ਨਾਲ ਰਚਾਇਆ ਨਿਕਾਹ

ਕਰਾਚੀ  26 ਜੂਨ-

38 ਸਾਲ ਦੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ 20 ਸਾਲ ਦੀ ਲੜਕੀ ਰੁਆਬ ਦੇ ਨਾਲ ਨਿਕਾਹ ਕਰ ਲਿਆ। ਸਥਾਨਕ ਚੈਨਲ ਦੁਨੀਆ ਟੀ. ਵੀ. ਨੇ ਇਹ ਖਬਰ ਦਿੱਤੀ ਹੈ।

ਖਬਰ ਦੇ ਮੁਤਾਬਕ ਅਖਤਰ ਨੇ ਆਪਣੇ ਮਾਤਾ-ਪਿਤਾ ਦੀ ਮੌਜੂਦਗੀ ਵਿਚ ਖੈਬਰ ਪਖਤੂਨਖਵਾ ਸੂਬੇ ਦੇ ਹਰੀਪੁਰ ਵਿਚ ਨਿਕਾਹ ਕੀਤਾ। ਨਿਕਾਹ ਵਿਚ 50 ਲੱਖ ਰੁਪਏ ਮੇਹਰ ਰੱਖਿਆ ਗਿਆ। ਅਖਤਰ ਅਤੇ ਉਸ ਦੇ ਪਰਿਵਾਰ ਵੱਲੋਂ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ।  ਕੁਝ ਦਿਨ ਪਹਿਲਾਂ ਹੀ ਅਖਤਰ ਅਤੇ ਰੁਆਬ ਦੇ ਰਿਸ਼ਤੇ ਦੀਆਂ ਖਬਰਾਂ ਉੱਡੀਆਂ ਸਨ। ਉਸ ਸਮੇਂ ਅਖਤਰ ਨੇ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹਾਂ ਕਰਾਰ ਦਿੱਤਾ ਸੀ।

ਪਾਕਿਸਤਾਨੀ ਮੀਡੀਆ ਨੇ 8 ਜੂਨ ਨੂੰ ਇਹ ਖਬਰ ਜਾਰੀ ਕੀਤੀ ਸੀ ਕਿ ਅਖਤਰ ਅਤੇ ਰੁਆਬ ਦੇ ਨਿਕਾਹ ਦੀ ਗੱਲ ਉਨ੍ਹਾਂ ਦੀ ਹਜ਼ ਯਾਤਰਾ ਦੌਰਾਨ ਹੋਈ ਸੀ। ਰੁਆਬ ਦੇ ਪਿਤਾ ਮੁਸ਼ਤਾਕ ਖਾਨ ਨੇ ਇਸ ਯਾਤਰਾ ਦੌਰਾਨ ਹੋਈ ਮੁਲਾਕਾਤ ਵਿਚ ਅਖਤਰ ਨੂੰ ਆਪਣੀ ਬੇਟੀ ਲਈ ਪਸੰਦ ਕਰ ਲਿਆ ਸੀ। ਜਦੋਂ ਮੀਡੀਆ ਵਿਚ ਪਹਿਲਾਂ ਇਹ ਖਬਰ ਆਈ ਸੀ ਤਾਂ ਅਖਤਰ ਨੇ ਟਵਿੱਟਰ 'ਤੇ ਇਸ ਖਬਰ ਦਾ ਖੰਡਨ ਕੀਤਾ ਸੀ ਅਤੇ ਮੀਡੀਆ ਨੂੰ ਗੈਰਜ਼ਿੰਮੇਦਾਰ ਦੱਸਿਆ ਸੀ।