arrow

ਮੁੱਖ ਮੰਤਰੀ ਨੇ ਮੋਟਰ ਬਾਈਕ ਯਾਤਰਾ ਨੂੰ ਲੇਹ-ਲਦਾਖ ਲਈ ਕੀਤਾ ਰਵਾਨਾ

ਚੰਡੀਗੜ੍ਹ 25 ਜੂਨ-

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਤੋਂ ਲੇਹ-ਲਦਾਖ ਤੱਕ 25 ਮੈਂਬਰੀ ਮੋਟਰ ਬਾਈਕਿੰਗ ਯਾਤਰਾ ਨੂੰ ਹਰੀ ਝੰਡੀ ਦਿੱਖਾ ਕੇ ਅੱਜ ਇਥੋਂ ਰਵਾਨਾ ਕੀਤਾ। ਇਹ ਯਾਤਰਾ ਮਿਸ਼ਨ ਪੰਜਾਬ ਤਕਨੀਕੀ ਯੂਨੀਵਰਸਿਟੀ ਅਤੇ ਆਰੀਅਨ ਗਰੁੱਪ ਆਫ਼ ਕਾਲਜਿਜ਼ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਜਾ ਰਿਹਾ ਹੈ।

ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਯਾਤਰਾ ਨੂੰ ਹਰੀ ਝੰਡੀ ਦੇਣ ਲਈ ਸ. ਬਾਦਲ ਦੇ ਨਾਲ ਤਕਨੀਕੀ ਸਿੱਖਿਆ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਵੀ ਮੌਜੂਦ ਸਨ। ਉਨ੍ਹਾਂ ਨੇ ਇਹ ਯਾਤਰਾ ਆਪਣੇ ਨਿਵਾਸ ਸਥਾਨ ਦੇ ਬਾਹਰੋਂ ਰਵਾਨਾ ਕੀਤੀ।

ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਉਨ੍ਹਾਂ ਦੀ ਸੁਰੱਖਿਅਤ ਅਤੇ ਕਾਮਯਾਬੀ ਭਰਪੂਰ ਯਾਤਰਾ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਵਿਦਿਆਰਥੀਆਂ ਵਿੱਚ ਜੋਸ਼ੀਲੇ ਕਾਰਜਾਂ ਲਈ ਭਾਵਨਾ ਪੈਦਾ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵੱਖ ਵੱਖ ਖੇਤਰਾਂ ਦੀਆਂ ਕਲਾਵਾਂ, ਸਭਿਆਚਾਰ, ਭਾਸ਼ਾਵਾਂ ਆਦਿ ਨੂੰ ਜਾਨਣ ਦਾ ਮੌਕਾ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਦੇਸ਼ ਦੀਆਂ ਭੂਗੋਲਿਕ ਸੀਮਾਵਾਂ ਨੂੰ ਉਲੰਘ ਕੇ ਸਮੁੱਚੇ ਦੇਸ਼ ਨੂੰ ਅਨੇਕਤਾ ਵਿੱਚ ਏਕਤਾ ਦਾ ਸੰਦੇਸ਼ ਦੇਣ ਵਿੱਚ ਮਦਦ ਦੇਂਦੀਆਂ ਹਨ ਅਤੇ ਦੇਸ਼ ਨੂੰ ਇਕ ਸੂਤਰ ਵਿਚ ਪਰੋ ਕੇ ਹੋਰ ਮਜਬੂਤ ਕਰਦੀਆਂ ਹਨ।

ਆਰੀਅਨਜ਼ ਗਰੁੱਪ ਦੇ ਪ੍ਰਬੰਧਕਾਂ ਨੇ ਸ. ਬਾਦਲ ਨੂੰ ਦੱਸਿਆ ਕਿ ਪੰਜਾਬ ਹੁਣ ਸਿੱਖਿਆ ਦੇ ਧੁਰੇ ਵਜੋਂ ਉਭਰ ਰਿਹਾ ਹੈ। ਇੱਕ ਸਮਾਂ ਸੀ ਜਦੋਂ ਪੰਜਾਬ ਦੇ ਵਿਦਿਆਰਥੀ ਆਪਣੀ ਉਚ ਸਿੱਖਿਆ ਦੀ ਪ੍ਰਾਪਤੀ ਲਈ ਦੱਖਣ ਭਾਰਤ ਵਿੱਚ ਜਾਂਦੇ ਸਨ ਪਰ ਹੁਣ ਪੰਜਾਬ ਵਿੱਚ ਨਾ ਕੇਵਲ ਸਮੁੱਚੇ ਭਾਰਤ ਦੇ ਬੱਚੇ ਪੜ੍ਹਨ ਆਉਂਦੇ ਹਨ ਸਗੋਂ ਦੱਖਣ ਪੂਰਬ ਏਸ਼ੀਆ, ਅਫ਼ਰੀਕਾ ਅਤੇ ਬਹੁਤ ਸਾਰੇ ਹੋਰਾਂ ਦੇਸ਼ਾਂ ਤੋਂ ਵੀ ਪੰਜਾਬ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਆਉਂਦੇ ਹਨ।

ਇਸੇ ਦੌਰਾਨ ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅਨਸ਼ੂ ਕਟਾਰੀਆ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਗਵਾਂਢੀ ਰਾਜਾਂ ਵਿੱਚ ਪੰਜਾਬ ਨੂੰ ਸਿੱਖਿਆ ਦੇ ਧੁਰੇ ਵਜੋਂ ਪ੍ਰਚਾਰਤ ਕਰਨ ਦੇ ਨਾਲ ਨਾਲ ਨੌਜਵਾਨਾਂ ਵਿਚ ਨਸ਼ਿਆਂ ਵਿਰੁਧ ਸੰਦੇਸ਼ ਨੂੰ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਵਿੱਚ ਅਜਿਹੇ ਜੋਸ਼ੀਲੇ ਕਾਰਜਾਂ ਸਦਕਾ ਖੇਡ ਸਰਗਰਮੀਆਂ ਨੂੰ ਵਧਾਉਣਾ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਸ਼੍ਰੀ ਐਸ.ਕੇ. ਸੰਧੂ, ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਕੇ.ਜੇ.ਐਸ. ਚੀਮਾ ਅਤੇ ਸ਼੍ਰੀ ਗਗਨਦੀਪ ਸਿੰਘ ਬਰਾੜ ਸਨ। ਇਸ ਤੋਂ ਇਲਾਵਾ ਵਡੀ ਗਿਣਤੀ ਵਿਚ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਹਾਜ਼ਰ ਸਨ।