arrow

ਤਕਨੀਕੀ ਸਿੱਖਿਆ ਸੰਸਥਾਵਾਂ ਵੀ ਨਸ਼ਿਆ ਖਿਲਾਫ਼ ਅੱਗੇ ਆਈਆਂ

ਚੰਡੀਗੜ੍ਹ 25 ਜੂਨ-

ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਰਾਜ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਰਾਜ ਵਿੱਚ ਸਥਿਤ ਸਮੂਹ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਨੌਜਵਾਨ ਵਰਗ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਦੇ ਨਿਰਦੇਸ਼ ਦਿੱਤੇ ਹਨ।

ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਮੁਹਿੰਮ ਤਹਿਤ ਇਨ੍ਹਾਂ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਬੁਰਾਈ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੀ-ਆਪਣੀ ਸੰਸਥਾ ਵਿੱਚ ਨਸ਼ਿਆਂ ਖਿਲਾਫ਼ ਸੈਮੀਨਾਰ, ਰੋਡ ਸ਼ੋਅ ਅਤੇ ਹੋਰ ਸਾਧਨਾਂ ਰਾਹੀਂ ਜਾਗਰੂਕਤਾ ਫੈਲਾਉਣ। ਇਸ ਲਈ ਪ੍ਰਿੰਸੀਪਲਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਉਹ ਇਸ ਸਬੰਧੀ ਸਬੰਧਤ ਸੰਸਥਾਵਾਂ ਵਿੱਚ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਫੋਟੋਆਂ ਨੂੰ ਵਿਭਾਗ ਦੀ ਈ.ਮੇਲcomputersectiondte@yahoo.com 'ਤੇ ਭੇਜਣਾ ਯਕੀਨੀ ਬਣਾਉਣਗੇ।

ਵਿਭਾਗ ਵੱਲੋਂ ਹਰ ਸੰਸਥਾ ਵਿੱਚ 15 ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਅਤੇ ਰਣਨੀਤੀ ਬਣਾਉਣ ਲਈ ਟਰੇਂਡ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ੇੜੀਆਂ ਨੂੰ ਮਨੋਵਿਗਿਆਨਕ ਢੰਗ ਨਾਲ ਹੈਂਡਲ ਕਰਨ ਸਬੰਧੀ ਵੀ ਜਾਣਕਾਰੀ ਮੁਹੱਈਆ ਦਿੱਤੀ ਜਾਏਗੀ। ਇਹ ਵਿਦਿਆਰਥੀ ਅੱਗੇ ਹੋਰ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨਗੇ। ਇਸ ਤੋਂ ਇਲਾਵਾ ਮੈਡੀਕਲ ਮਾਹਿਰਾਂ ਦੀ ਦੇਖ ਰੇਖ ਵਿੱਚ ਸੈਮੀਨਾਰ ਕਰਾਏ ਜਾਣਗੇ।

ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਗ੍ਰਿਫਤ ਵਿੱਚ ਸਭ ਤੋਂ ਜ਼ਿਆਦਾ ਅੱਲੜ੍ਹ ਅਤੇ ਨੌਜਵਾਨ ਵਰਗ ਆਉਂਦਾ ਹੈ ਇਸ ਲਈ ਇਸ ਵਰਗ ਵਿੱਚ ਚੇਤਨਾ ਅਤੇ ਜਾਗਰੂਕਤਾ ਫੈਲਾਉਣੀ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਨੌਜਵਾਨ ਵਰਗ ਵੱਲੋਂ ਪਾਏ ਯੋਗਦਾਨ ਨਾਲ ਸੂਬੇ ਨੂੰ ਸਿਹਤਮੰਦ ਅਤੇ ਨਰੋਆ ਬਣਾਇਆ ਜਾ ਸਕਦਾ ਹੈ।