arrow

ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਕਮਲ ਸ਼ਰਮਾ ਵਲੋਂ ਮੌਕੇ 'ਤੇ ਹੱਲ

ਫ਼ਿਰੋਜ਼ਪੁਰ, 18 ਜੁਲਾਈ-

ਅਕਾਲੀ-ਭਾਜਪਾ ਪੰਜਾਬ ਸਰਕਾਰ ਵੱਲੋਂ 'ਰਾਜ ਨਹੀਂ ਸੇਵਾ' ਦੇ ਕੀਤੇ ਦਾਅਵੇ ਨੂੰ ਸੱਚ ਕਰ ਦਿਖਾਉਂਦਿਆਂ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਆਦਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੰਦ-ਪਾਕਿ ਕੌਮੀ ਸਰਹੱਦ 'ਦੇ ਨਜ਼ਦੀਕ ਸਤਲੁਜ ਦਰਿਆ 'ਚ ਘਿਰੇ ਟਾਪੂਨੁਮਾ ਖੇਤਰ ਨਾਲ ਸਬੰਧਤ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਪਿੰਡ ਕਾਲੂ ਵਾਲਾ ਵਿਖੇ ਖੁੱਲ੍ਹਾ ਸੰਗਤ ਦਰਸ਼ਨ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ 'ਤੇ ਹੱਲ ਕੱਢੇ।

ਦਰਿਆਉਂ ਪਾਰ ਖੇਤੀ ਕਰਨ ਲਈ ਖੇਤੀ ਸੰਦ ਲਿਆਉਣ ਤੇ ਲਿਜਾਣ ਦੇ ਲਈ ਲੋਕਾਂ ਨੂੰ ਆਉਂਦੀਆਂ ਸਮੱਸਿਆਵਾਂ ਦਾ ਹੱਲ ਕੱਢਦਿਆਂ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਨੇ 5 ਲੱਖ ਦੀ ਲਾਗਤ ਨਾਲ ਤਿਆਰ ਹੋਇਆ ਵੱਡਾ ਬੇੜਾ ਲੋਕਾਂ ਨੂੰ ਸੌਂਪਦਿਆਂ ਵਿਸ਼ਵਾਸ ਦਵਾਇਆ ਕਿ ਅਕਾਲੀ-ਭਾਜਪਾ ਪੰਜਾਬ ਸਰਕਾਰ ਲੋਕਾਂ ਨੂੰ ਜਿੱਥੇ ਲੋੜੀਂਦੀਆਂ ਸਹੂਲਤਾਂ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਏਗੀ, ਉਥੇ ਸਰਹੱਦੀ ਤੇ ਦਰਿਆਈ ਖੇਤਰ ਦੇ ਲੋਕਾਂ ਦੀ ਭਲਾਈ ਤੇ ਜੀਵਨ ਉੱਚਾ ਚੁੱਕਣ ਲਈ ਸੜਕਾਂ, ਸਿਹਤ ਕੇਂਦਰ, ਸਕੂਲੀ ਸਿੱਖਿਆ, ਬਿਜਲੀ ਆਦਿ ਸੁਵਿਧਾਵਾਂ ਪਹਿਲ ਦੇ ਅਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ।

ਇਸ ਮੌਕੇ ਇਲਾਕੇ ਦੇ ਆਗੂ ਦਿਲਬਾਗ ਸਿੰਘ ਵਿਰਕ ਅਤੇ ਅੰਗਰੇਜ ਸਿੰਘ ਮਿੰਟੂ ਸਾਬਕਾ ਮੈਂਬਰ ਬਲਾਕ ਸੰਮਤੀ ਵੱਲੋਂ ਦੱਸੀਆਂ ਇਲਾਕੇ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੇ ਆਦੇਸ਼ ਦਿੰਦਿਆਂ ਕਮਲ ਸ਼ਰਮਾ ਪ੍ਰਧਾਨ ਪੰਜਾਬ ਭਾਜਪਾ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਬਹੁਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਨੇ ਪੰਜਾਬ ਸਰਕਾਰ ਦੀਆਂ ਸਕੀਮਾਂ 'ਤੇ ਚਾਨਣਾ ਪਾਉਂਦੇ ਹੋਏ ਵਿਸ਼ਵਾਸ ਦਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਲਾਭਪਾਤਰੀਆਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਯਤਨਸ਼ੀਲ ਹੈ ਅਤੇ ਕੰਮਕਾਜ ਆਉਣ ਵਾਲੇ ਕਿਸੇ ਵੀ ਨਾਗਰਿਕ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।