arrow

ਬਾਦਲ ਵੱਲੋਂ 14 ਸਾਲ ਪਹਿਲਾਂ ਕੀਤਾ ਗਿਆ ਐਲਾਨ ਅਜੇ ਵੀ ਪੂਰਾ ਨਹੀਂ

ਗੁਰਦਾਸਪੁਰ , 18 ਜੁਲਾਈ-

ਅੱਜ ਵੀ ਜ਼ਿਲਾ ਗੁਰਦਾਸਪੁਰ ਚ ਘਰੋਟਾ ਇਕ ਮਾਤਰ ਅਜਿਹਾ ਇਲਾਕਾ ਹੈ ਜਿਸ ਦੇ ਆਸਪਾਸ ਦੇ ਲਗਭਗ 100 ਤੋਂ ਜ਼ਿਆਦਾ ਪਿੰਡਾਂ ਦੇ ਲੋਕਾਂ ਨੂੰ ਆਪਣੇ ਬਿਜਲੀ ਬਿੱਲ ਜਮਾ ਕਰਵਾਉਣ ਦੇ ਲਈ ਕਈ ਕਿਲੋਮੀਟਰ ਦਾ ਰਸਤਾ ਤਹਿ ਕਰ ਦੀਨਾਨਗਰ ਜਾਣਾ ਪੈਂਦਾ ਹੈ, ਜਦੋਂ ਕਿ 14 ਮਈ 2000 ਨੂੰ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਇਲਾਕੇ 66 ਕੇ.ਵੀ. ਸਮਰਥਾ ਦਾ ਸਬ ਸਟੇਸ਼ਨ ਅਤੇ ਸਬ ਡਵੀਜਨ ਬਣਾਉਣ ਦਾ ਐਲਾਨ ਕੀਤਾ ਸੀ।

ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ 14 ਮਈ 2000 ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਰੋਟਾ ਆਏ ਸਨ ਤਾਂ ਉਨ੍ਹਾਂ ਲੋਕਾਂ ਦੀ ਮੰਗ ਨੂੰ ਵੇਖਦੇ ਹੋਏ ਜਨਤਕ ਰੈਲੀ ਚ ਐਲਾਨ ਕੀਤਾ ਸੀ ਕਿ ਘਰੋਟਾ ਚ ਇਕ 66 ਕੇ.ਵੀ. ਦਾ ਸਬ ਸਟੇਸ਼ਨ ਬਣਾਇਆ ਜਾਵੇਗਾ ਅਤੇ ਇਕ ਸਬ ਡਵੀਜਨ ਪੱਧਰ ਤੇ ਦਫਤਰ ਬਣਾਇਆ ਜਾਵੇਗਾ। ਜਿਸ ਚ ਸ਼ਿਕਾਇਤ ਕੇਂਦਰ ਵੀ ਸ਼ਾਮਲ ਹੋਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਉਦੋਂ ਚੱਕੀ ਦਰਿਆ ਤੇ ਸਿੰਬਲੀ-ਤਲਵਾੜਾ ਜੱਟਾ ਤੇ ਸਥਾਈ ਪੁਲ ਬਣਾਉਣ ਦਾ ਐਲਾਨ ਕੀਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਘਰੋਟਾ 66 ਕੇ.ਵੀ. ਏ. ਸਬ ਸਟੇਸ਼ਨ ਤਾਂ  ਬਣ ਗਿਆ ਪਰ ਅੱਜ ਤੱਕ ਸਬ ਡਵੀਜਨ ਦਫਤਰ ਨਹੀਂ ਬਣਿਆ, ਜਦੋਂ ਕਿ ਪੁੱਲ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਅਤੇ ਪੂਰਾ ਕਦੋ ਹੋਵੇਗਾ ਇਸ ਬਾਰੇ ਕੋਈ ਨਹੀਂ ਦਸ ਰਿਹਾ। ਅੱਜ ਵੀ ਇਸ ਇਲਾਕੇ ਦੇ ਲੋਕ ਆਪਣੇ ਹਰ ਤਰ੍ਹਾਂ ਦੇ ਬਿਜਲੀ ਬਿੱਲ ਦੀਨਾਨਗਰ ਜਮਾ ਕਰਵਾਉਣ ਦੇ ਲਈ ਜਾਂਦੇ ਹਨ। ਜਿਸ ਕਾਰਨ ਇਨ੍ਹਾਂ ਲੋਕਾ ਦਾ ਸਮਾਂ ਬਰਬਾਦ ਹੁੰਦਾ ਹੈ । ਬਿਲ ਜਮਾਂ ਕਰਵਾਉਣ ਦੇ ਲਈ ਦੂਰੀ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਲੋਕ ਬਿਜਲੀ ਬਿੱਲ ਸਮੇਂ ਤੇ ਜਮਾਂ ਨਹੀਂ ਕਰਵਾ ਪਾਉਂਦੇ ਅਤੇ ਜੁਰਮਾਨਾ ਅਦਾ ਕਰਨਾ ਪੈਂਦਾ ਹੈ।

ਇਸੇ ਤਰ੍ਹਾਂ 14 ਮਈ 2000 ਨੂੰ ਮੁੱਖ ਮੰਤਰੀ ਨੇ ਇਸ ਇਲਾਕੇ ਦੇ ਪਿੰਡ ਘਰੋਟਾ, ਗੜਬੜ, ਲਾਲਾ ਅਤੇ ਚੌਹਾਨ ਨੂੰ ਕੰਢੀ ਇਲਾਕੇ ਚ ਸ਼ਾਮਿਲ ਕਰਨ ਦੀ ਵੀ ਘੋਸ਼ਣਾ ਕੀਤੀ ਸੀ ਪਰ ਇਸ ਸਬੰਧੀ ਅਜੇ ਤੱਕ ਕੁਝ ਨਹੀਂ ਹੋਇਆ ਜਿਸ ਕਾਰਨ ਇਹ ਪਿੰਡ ਵੀ ਕੰਢੀ ਇਲਾਕੇ ਦੇ ਲੋਕਾਂ ਨੂੰ ਮਿਲਣ ਵਾਲੀਆਂ ਸਹੂਤਲਾਵਾਂ ਤੋਂ ਵਾਂਝੇ ਚਲ ਰਹੇ ਹਨ। ਜਦੋਂ ਕਿ ਚੱਕੀ ਦਰਿਆ ਤੇ ਸਿਬੰਲੀ -ਤਲਵਾੜਾ ਜੱਟਾ ਤੇ ਸਥਾਈ ਪੁਲ ਬਣਾਉਣ ਦਾ ਐਲਾਨ ਵੀ ਮੁੱਖ ਮੰਤਰੀ ਪੰਜਾਬ ਨੇ ਕੀਤਾ ਸੀ। ਇਸ ਪੁੱਲ ਦਾ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਕੰਮ ਬਹੁਤ ਹੌਲੀ ਰਫਤਾਰ ਨਾਲ ਚਲ ਰਿਹਾ ਹੈ।

ਜਿਸ ਕਾਰਨ ਇਸ ਇਲਾਕੇ ਦੇ ਲੋਕਾਂ ਨੂੰ ਮੀਰਥਲ ਆਦਿ ਇਲਾਕਿਆਂ ਚ ਜਾਣ ਦੇ ਲਈ ਵਾਇਆ ਪਠਾਨਕੋਟ 40 ਕਿਲੋਮੀਟਰ ਦਾ ਜ਼ਿਆਦਾ ਰਸਤਾ ਤਹਿ ਕਰਕੇ ਜਾਣਾ ਪੈਂਦਾ ਹੈ ਜਾਂ ਕਿਸ਼ਤੀ ਦੇ ਸਹਾਰੇ ਦਰਿਆ ਪਾਰ ਕਰਨਾ ਪੈਂਦਾ ਹੈ। ਇਸ ਬਿਜਲੀ ਬੋਰਡ ਦੀ ਸਬ ਡਵੀਜਨ ਬਣਾਉਣ ਸਬੰਧੀ ਸਾਬਕਾ ਮਾਸਟਰ ਮੋਹਨ ਲਾਲ, ਭਾਜਪਾ ਸੰਸਦ ਵਿਨੋਦ ਖੰਨਾ, ਸਾਬਕਾ ਸੰਸਦ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰ ਵਿਧਾਇਕ ਅਤੇ ਸਾਬਕਾ ਮੰਤਰੀ ਘੋਸ਼ਣਾ ਕਰ ਚੁੱਕੇ ਹਨ ਪਰ ਉਸ ਦੇ ਬਾਵਜੂਦ ਕੋਈ ਲਾਭ ਨਹੀਂ ਹੋਇਆ।