arrow

ਅੰਮ੍ਰਿਤਧਾਰੀ ਸਿੱਖ ਦੀ ਦਾੜ੍ਹੀ ਪੁੱਟ ਕੇ ਚਲਾ ਗਿਆ ਥਾਣੇ

ਲੋਹੀਆਂ ਖਾਸ, 18 ਜੁਲਾਈ-

ਉਲਟਾ ਚੋਰ ਕੋਤਵਾਲ ਕੋ ਡਾਂਟੇ' ਦੀ ਕਹਾਵਤ ਨੇ ਉਸ ਸਮੇਂ ਸਹੀ ਸਿੱਧ ਹੋਣ ਦਾ ਪ੍ਰਮਾਣ ਦਿੱਤਾ, ਜਦੋਂ ਪਿੰਡ ਇਸਮੈਲ ਪੁਰ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਸੈਕਟਰੀ ਦੀ ਦਾੜ੍ਹੀ ਪੁੱਟਣ ਵਾਲੇ ਪਿੰਡ ਦੇ ਇਕ ਵਿਅਕਤੀ ਨੇ ਉੱਚ ਅਧਿਕਾਰੀਆਂ ਕੋਲ ਉਸ ਦੀ ਝੂਠੀ ਸ਼ਿਕਾਇਤ ਕਰ ਦਿੱਤੀ। ਇਸ ਤੋਂ ਬਾਅਦ ਉਸ ਨੇ ਪੁਲਸ 'ਤੇ ਦਬਾਅ ਬਣਾ ਕੇ ਸੈਕਟਰੀ ਤੋਂ 5000 ਰੁਪਏ ਲੈ ਕੇ ਸਭ ਨੂੰ ਠੇਂਗਾ ਦਿਖਾ ਦਿੱਤਾ।

ਜਾਣਕਾਰੀ ਮੁਤਾਬਕ ਬੀਤੇ ਦਿਨ ਸ਼ਾਮ 7 ਵਜੇ ਦੇ ਕਰੀਬ ਥਾਣਾ ਲੋਹੀਆਂ ਵਿਖੇ ਨੰਬਰਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਸਵਿੰਦਰ ਸਿੰਘ ਗੁਰਦੁਆਰਾ ਸਾਹਿਬ ਦਾ ਸੈਕਟਰੀ ਹੈ। ਉਨ੍ਹਾਂ ਦੇ ਪਿੰਡ ਦੇ ਹੀ ਇਕ ਵਿਅਕਤੀ ਨੇ ਗੁਰਦੁਆਰਾ ਸਾਹਿਬ ਦੀਆਂ ਬਣੀਆਂ ਦੁਕਾਨਾਂ 'ਚੋਂ ਇਕ ਦੁਕਾਨ ਕਿਰਾਏ 'ਤੇ ਲਈ ਹੋਈ ਸੀ। ਇਹ ਵਿਅਕਤੀ ਸ਼ਰਾਬ ਪੀਣ ਦਾ ਆਦੀ ਹੈ। ਜਸਵਿੰਦਰ ਨੇ ਉਸ ਨੂੰ ਸ਼ਰਾਬ ਪੀ ਕੇ ਦੁਕਾਨ ਨਾ ਖੋਲ੍ਹਣ ਲਈ ਕਿਹਾ, ਜਿਸ ਕਾਰਨ ਉਸ ਨੇ ਹਮਲਾ ਕਰਦਿਆਂ ਜਸਵਿੰਦਰ ਦੀ ਦਾੜ੍ਹੀ ਪੁੱਟ ਦਿੱਤੀ।

ਇਹ ਮਾਮਲਾ ਥਾਣਾ ਲੋਹੀਆਂ ਵਿਖੇ ਆਉਣ 'ਤੇ ਝੂਠੇ ਦੋਸ਼ੀ ਨੇ ਲੋਹੀਆਂ ਪੁਲਸ ਖਿਲਾਫ ਐੱਸ. ਐੱਸ. ਪੀ. ਜਲੰਧਰ ਕੋਲ ਸ਼ਿਕਾਇਤ ਕਰਕੇ ਉਨ੍ਹਾਂ 'ਤੇ ਦਬਾਅ ਬਣਾ ਦਿੱਤਾ, ਜਿਸ 'ਤੇ ਥਾਣਾ ਮੁਖੀ ਲੋਹੀਆਂ ਨੇ ਸੈਕਟਰੀ ਅਤੇ ਉਸ ਦੇ ਭਰਾ ਨੂੰ ਬੁਰਾ-ਭਲਾ ਕਿਹਾ ਕਿ ਤੁਸੀਂ ਆਪਣੀਆਂ ਦਾੜ੍ਹੀਆਂ ਆਪ ਹੀ ਪੁੱਟ ਕੇ ਜੇਬ 'ਚ ਪਾਈ ਫਿਰਦੇ ਹੋ ਅਤੇ ਉਲਟਾ 5000 ਰੁਪਏ ਕਥਿਤ ਸ਼ਰਾਬੀ ਨੂੰ ਦੁਆ ਕੇ 2 ਦਿਨ ਪਹਿਲਾਂ ਰਾਜ਼ੀਨਾਮਾ ਕਰਵਾ ਦਿੱਤਾ। ਇਸ ਲਈ ਹੁਣ ਮਹਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਇਨਸਾਫ ਲਈ ਥਾਣੇ ਭਟਕ ਰਹੇ ਹਨ। ਇਸ ਬਾਬਤ ਜਦ ਥਾਣਾ ਮੁਖੀ ਲਖਵਿੰਦਰ ਸਿੰਘ ਮੱਲ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ।