arrow

ਕੇਂਦਰੀ ਗ੍ਰਹਿ ਮੰਤਰਾਲਾ ਪਹਾੜੀਆ ਨਾਲ ਨਾਰਾਜ਼

ਨਵੀਂ ਦਿੱਲੀ, 18 ਜੁਲਾਈ-

ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੇ ਮੁੱਦੇ 'ਤੇ ਪੰਜਾਬ ਵਿਚਲੀ ਅਕਾਲੀ ਸਰਕਾਰ ਦੀ ਮਦਦ ਲਈ ਅਤੇ ਹਰਿਆਣਾ ਵਿਚ ਹੁੱਡਾ ਸਰਕਾਰ ਵਲੋਂ ਪੈਦਾ ਕੀਤੇ ਗਏ ਇਸ ਸੰਕਟ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵੱਖ-ਵੱਖ ਬਦਲਾਂ 'ਤੇ ਵਿਚਾਰ ਕਰ ਰਹੀ ਹੈ। ਗ੍ਰਹਿ ਮੰਤਰਾਲਾ ਇਸ ਗੱਲ 'ਤੇ ਗੁੱਸੇ 'ਚ ਹੈ ਕਿ ਰਾਜਪਾਲ ਜਗਨ ਨਾਥ ਪਹਾੜੀਆ ਨੇ ਗ੍ਰਹਿ ਮੰਤਰਾਲੇ ਵਲੋਂ ਫੋਨ 'ਤੇ ਉਨ੍ਹਾਂ ਨੂੰ ਦਿੱਤੀ ਗਈ ਇਹ ਸਲਾਹ ਕਿ ਉਹ ਦਸਤਾਵੇਜ਼ਾਂ 'ਤੇ ਦਸਤਖਤ ਨਾ ਕਰਨ, ਵੱਲ ਕੋਈ ਧਿਆਨ ਨਹੀਂ ਦਿੱਤਾ।

ਹੁਣ ਕੇਂਦਰ ਸਰਕਾਰ ਨੇ ਜਗਨ ਨਾਥ ਪਹਾੜੀਆ ਵਲੋਂ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਸਬੰਧੀ ਬਿੱਲ ਨੂੰ ਮਨਜ਼ੂਰੀ ਦੇਣ 'ਤੇ ਇਕ ਸਖ਼ਤ ਚਿੱਠੀ ਲਿਖਣ ਦਾ ਫੈਸਲਾ ਕੀਤਾ ਹੈ।  ਪੰਜਾਬ ਦੇ ਆਗੂ ਜਿਨ੍ਹਾਂ 'ਚ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਸ਼ਾਮਲ ਹਨ, ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਹੋਰਨਾਂ ਨਾਲ ਮੀਟਿੰਗ ਕੀਤੀ ਤੇ ਇਸ ਮੁੱਦੇ 'ਤੇ ਫਿਰ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ 'ਚ ਸਥਿਤੀ ਦਾ ਹੇਠ ਲਿਖੇ ਅਨੁਸਾਰ ਜਾਇਜ਼ਾ ਵੀ ਲਿਆ।

1. ਰਾਜਪਾਲ ਪਹਾੜੀਆ ਨੂੰ ਹਟਾਇਆ ਨਹੀਂ ਗਿਆ ਕਿਉਂਕਿ ਉਹ 26 ਜੁਲਾਈ ਨੂੰ ਰਿਟਾਇਰਡ ਹੋ ਰਹੇ ਹਨ।

2. ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ 15 ਜੁਲਾਈ ਨੂੰ ਰਾਜਪਾਲ ਨੂੰ ਫੋਨ 'ਤੇ ਇਸ ਬਿੱਲ 'ਤੇ ਹਸਤਾਖਰ ਨਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਯੂਨਿਟ ਨੂੰ ਨਾ ਬਣਾਉਣ ਲਈ ਕਿਹਾ ਸੀ ਅਤੇ ਉਹ ਇਸ ਗੱਲ 'ਤੇ ਸਹਿਮਤ ਵੀ ਹੋ ਗਏ ਸਨ।

3. ਪਰ ਰਾਜਪਾਲ ਨੇ ਇਨ੍ਹਾਂ ਦਸਤਾਵੇਜ਼ਾਂ 'ਤੇ ਦਸਤਖਤ ਕਰ ਦਿੱਤੇ ਅਤੇ ਇਸ ਲਈ ਇਕ ਸਖ਼ਤ ਚਿੱਠੀ ਲਿਖੀ ਗਈ ਹੈ ਕਿਉਂਕਿ ਇਹ ਕਾਨੂੰਨ ਦੀ ਅਤੇ ਕੇਂਦਰ ਦੀ ਸਲਾਹ ਦੀ ਵੀ ਉਲੰਘਣਾ ਹੈ।

4. ਅਗਲੀ ਕਾਰਵਾਈ ਇਹ ਹੋਵੇਗੀ ਕਿ ਮਾਮਲਾ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਲ ਲਿਜਾਇਆ ਜਾਵੇਗਾ ਜਿਹੜੇ ਕਿ ਰਾਏ ਲਈ ਇਸ ਨੂੰ ਸੁਪਰੀਮ ਕੋਰਟ ਕੋਲ ਭੇਜ ਸਕਦੇ ਹਨ।

5. ਰਾਜਪਾਲ ਨੂੰ ਹਟਾਉਣ ਦੀ ਥਾਂ, ਉਨ੍ਹਾਂ ਦੀ ਸੇਵਾਮੁਕਤੀ ਦੀ ਉਡੀਕ ਕੀਤੀ ਜਾਵੇ ਅਤੇ ਉਨ੍ਹਾਂ ਦੇ ਜਾਨਸ਼ੀਨ 'ਤੇ ਫੈਸਲਾ ਛੱਡ ਦਿੱਤਾ ਜਾਵੇ, ਆਉਂਦੇ 3 ਮਹੀਨਿਆਂ ਦੌਰਾਨ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਨਵੀਂ ਸਰਕਾਰ 'ਤੇ ਸਾਰਾ ਮਾਮਲਾ ਛੱਡ ਦਿੱਤਾ ਜਾਵੇ।