arrow

ਹੈਟਰਿਕ ਦੇ ਚੱਕਰ 'ਚ ਵੱਖਰੀ ਕਮੇਟੀ ਦਾ ਗਲਤ ਸ਼ਾਟ ਖੇਡ ਗਏ ਹੁੱਡਾ

ਸ਼ਾਹਾਬਾਦ ਮਾਰਕੰਡਾ, 18 ਜੁਲਾਈ-

ਸੱਤਾ ਦੀ ਹੈਟਰਿਕ ਲਾਉਣ ਦੇ ਚੱਕਰ 'ਚ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਐਕਟ ਦਾ ਗਲਤ ਸ਼ਾਟ ਖੇਡ ਕੇ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਆਪਣੇ ਸਿਆਸੀ ਵਿਰੋਧੀਆਂ ਦੇ ਹੱਥੋਂ ਕੈਚ ਆਊਟ ਵੀ ਹੋ ਸਕਦੇ ਹਨ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵੱਖਰੀ ਕਮੇਟੀ ਦੇ ਗਠਨ ਦਾ ਦਾਅ ਕਾਂਗਰਸ 'ਤੇ ਪੁੱਠਾ ਪੈਣ ਦੀ ਸੰਭਾਵਨਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ, ਜਗਦੀਸ਼ ਸਿੰਘ ਝੀਂਡਾ ਤੇ ਦੀਦਾਰ ਸਿੰਘ ਨਲਵੀ ਨੂੰ ਉਨ੍ਹਾਂ ਦੀਆਂ ਕਾਰਗੁਜਾਰੀਆਂ ਕਰਕੇ ਪੰਥ ਤੋਂ ਛੇਕਣ ਦਾ ਜੋ ਹੁਕਮਨਾਮਾ ਦਿੱਤਾ ਹੈ ਉਸ ਦਾ ਦੂਜਾ ਮਤਲਬ ਸਾਫ਼ ਹੈ ਕਿ ਹਰਿਆਣਾ ਦੇ ਸਿੱਖ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਵਿਰੋਧ ਕਰਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੂਬੇ '90 ਫ਼ੀਸਦੀ ਤੋਂ ਵੱਧ ਸਿੱਖ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ 'ਚ ਨਹੀਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਰਿਆਣਾ ਸਰਕਾਰ ਇਸ ਐਕਟ ਨੂੰ ਅਮਲੀਜਾਮਾ ਪਹਿਨਾਉਣ ਲਈ ਗੁਰਦੁਆਰਿਆਂ ਦਾ ਪ੍ਰਬੰਧ ਵੱਖਰੀ ਕਮੇਟੀ ਨੂੰ ਸੌਂਪਣ ਦਾ ਯਤਨ ਕਰੇਗੀ ਤਾਂ ਸੂਬੇ 'ਚ ਲਾਅ ਐਂਡ ਆਰਡਰ ਦੀ ਹਾਲਤ ਖ਼ਤਰੇ 'ਚ ਪੈ ਜਾਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਐਲਾਨ ਕੀਤਾ ਹੈ ਕਿ ਕਿਸੇ ਵੀ ਸੂਰਤ 'ਚ ਗੁਰਦੁਆਰਿਆਂ ਦਾ ਪ੍ਰਬੰਧ ਵੱਖਰੀ ਕਮੇਟੀ ਦੇ ਹਵਾਲੇ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਇਨ੍ਹਾਂ ਗੁਰਧਾਮਾਂ 'ਚ ਮੌਜੂਦ ਰਹੇਗੀ। ਅਜਿਹੇ ਹਾਲਾਤਾਂ 'ਚ ਗੁਰਦੁਆਰਾ ਸਾਹਿਬ 'ਚ ਤੇ ਆਲੇ ਦੁਆਲੇ ਤਣਾਅ ਦੀ ਹਾਲਤ ਬਣੀ ਰਹੇਗੀ।