arrow

ਬਠਿੰਡਾ ਨੇੜੇ ਲੜਕੇ ਤੇ ਲੜਕੀ ਦੀ ਹੱਤਿਆ

ਬਠਿੰਡਾ, 17 ਜੁਲਾਈ-

ਬਠਿੰਡਾ ਜ਼ਿਲ੍ਹੇ ਦੇ ਥਾਣਾ ਮੌੜ ਮੰਡੀ ਅਧੀਨ ਪੈਂਦੇ ਪਿੰਡ ਰਾਜਗੜ੍ਹ ਕੁੱਬੇ ਵਿਚ ਨਰਸਿੰਗ ਦਾ ਕੋਰਸ ਕਰ ਰਹੀ ਇਕ ਲੜਕੀ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪ੍ਰੇਮੀ ਸਮੇਤ ਆਪਣੇ ਘਰ ਵਿਚ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਪੁਲਿਸ ਸੂਤਰਾਂ ਅਨੁਸਾਰ ਬੀਤੀ ਰਾਤ ਤਕਰੀਬਨ 12 ਵਜੇ ਚਮਕੌਰ ਸਿੰਘ ਦੇ ਘਰ ਉਸ ਦੇ ਗੁਆਂਢ ਰਹਿੰਦਾ ਸ਼ਰਨਜੀਤ ਸਿੰਘ (24) ਉਸ ਦੀ ਲੜਕੀ ਜਸਵਿੰਦਰ ਕੌਰ ਨੂੰ ਮਿਲਣ ਲਈ ਆ ਗਿਆ। ਉਸ ਸਮੇਂ ਚਮਕੌਰ ਸਿੰਘ ਅਤੇ ਉਸ ਦੇ ਲੜਕੇ ਖੇਤ ਨੂੰ ਪਾਣੀ ਲਾਉਣ ਗਏ ਸਨ ਅਤੇ ਚਮਕੌਰ ਸਿੰਘ ਦੀ ਪਤਨੀ ਅਤੇ ਦੂਸਰੇ ਪਰਿਵਾਰਕ ਮੈਂਬਰ ਘਰ ਦੇ ਹੋਰ ਕਮਰਿਆਂ ਵਿਚ ਸੁੱਤੇ ਪਏ ਸਨ ਕਿ ਚਮਕੌਰ ਸਿੰਘ ਅਚਾਨਕ ਘਰ ਆ ਗਿਆ। ਰਾਤ ਦੇ ਸਮੇਂ ਆਪਣੇ ਘਰ ਸ਼ਰਨਜੀਤ ਸਿੰਘ ਨੂੰ ਦੇਖ ਕੇ ਉਹ ਭੜਕ ਉੱਠਿਆ ਤੇ ਉਸ ਨਾਲ ਹੱਥੋਂ ਪਾਈ ਹੋ ਗਿਆ।

ਬਾਅਦ 'ਚ ਉਸ ਨੇ ਆਪਣੇ ਲੜਕਿਆਂ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਸੱਦ ਲਿਆ, ਜਿਨ੍ਹਾਂ ਨੇ ਗੁੱਸੇ ਵਿਚ ਪਹਿਲਾਂ ਸ਼ਰਨਜੀਤ ਸਿੰਘ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਤੇ ਫਿਰ ਆਪਣੀ ਲੜਕੀ ਜਸਵਿੰਦਰ ਕੌਰ ਨੂੰ ਵੀ ਮਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਮੌੜ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ ਅਤੇ ਲੜਕੇ ਅਤੇ ਲੜਕੀ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਵਾਰਦਾਤ ਵਿਚ ਵਰਤੀ ਕੁਹਾੜੀ ਵੀ ਬਰਾਮਦ ਕਰ ਲਈ।

ਮੌੜ ਮੰਡੀ ਪੁਲਿਸ ਨੇ ਮ੍ਰਿਤਕ ਲੜਕੇ ਦੇ ਪਿਤਾ ਬਹਾਦਰ ਸਿੰਘ ਦੀ ਸ਼ਿਕਾਇਤ 'ਤੇ ਮ੍ਰਿਤਕ ਲੜਕੀ ਦੇ ਪਿਤਾ ਚਮਕੌਰ ਸਿੰਘ, ਉਸ ਦੇ ਭਰਾ ਧਰਮਿੰਦਰ ਸਿੰਘ, ਜਗਸੀਰ ਸਿੰਘ ਸਮੇਤ 4 ਵਿਅਕਤੀਆਂ ਵਿਰੁੱਧ ਧਾਰਾ 302/34 ਅਧੀਨ ਪਰਚਾ ਦਰਜ ਕਰ ਲਿਆ ਹੈ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ ਹਨ ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।