arrow

ਮਜੀਠੀਏ ਨੂੰ ਪੰਥ 'ਚੋਂ ਕਿਉਂ ਨਹੀਂ ਛੇਕਿਆ

ਅੰਮ੍ਰਿਤਸਰ, 17 ਜੁਲਾਈ-

ਹਰਿਆਣਾ ਦੇ ਸਿੱਖ ਆਗੂਆਂ ਜਗਦੀਸ਼ ਸਿੰਘ ਝੀਂਡਾ, ਦੀਦਾਰ ਸਿੰਘ ਨਲਵੀ ਅਤੇ ਹਰਮਿੰਦਰ ਸਿੰਘ ਚੱਡਾ ਨੂੰ ਪੰਥ 'ਚੋਂ ਛੇਕੇ ਜਾਣ ਦੇ ਸ਼੍ਰੀ ਅਕਾਲ ਤਖਤ ਦੇ ਫੈਸਲੇ ਤੋਂ ਬਾਅਦ ਹੁਣ ਸਿੱਖ ਕੌਮ 'ਚ ਹੀ ਇਸ ਫੈਸਲੇ ਦੇ ਖਿਲਾਫ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।

ਵੀਰਵਾਰ ਨੂੰ ਇਸ ਮਸਲੇ 'ਤੇ ਅਕਾਲ ਤਖਤ ਸਾਹਿਬ ਵਿਖੇ ਮੰਗ ਪੱਤਰ ਦੇਣ ਆਏ ਸਿੱਖ ਆਗੂ ਬਲਵੰਤ ਗੋਪਾਲਾ ਨੇ ਕਿਹਾ ਕਿ ਜਦੋਂ ਗੁਰਬਾਣੀ ਨਾਲ ਛੇੜਛਾੜ ਕਰਨ ਵਾਲੇ ਮਜੀਠੀਆ ਨੂੰ ਪੰਥ 'ਚੋਂ ਛੇਕਣ ਲਈ ਜਲਦਬਾਜ਼ੀ ਨਹੀਂ ਦਿਖਾਈ ਗਈ ਤਾਂ ਹਰਿਆਣਾ ਦੇ ਸਿੱਖ ਆਗੂਆਂ ਨੂੰ ਜਲਦਬਾਜ਼ੀ 'ਚ ਪੰਥ 'ਚੋਂ ਕਿਉਂ ਛੇਕਿਆ ਗਿਆ ਹੈ। ਇਸ ਫੈਸਲੇ 'ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ ਅਤੇ ਸਿੱਖ ਕੌਮ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ।

ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਕ ਵਾਰ ਫਿਰ ਸਾਫ ਕੀਤਾ ਕਿ ਹਰਿਆਣਾ ਦੇ ਸਿੱਖ ਆਗੂਆਂ ਨੂੰ ਪੰਥ 'ਚੋਂ ਛੇਕਣ ਦਾ ਫੈਸਲਾ ਜਲਦਬਾਜ਼ੀ 'ਚ ਨਹੀਂ ਲਿਆ ਗਿਆ, ਸਗੋਂ ਇਸ ਮਾਮਲੇ 'ਚ ਪੂਰੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੁੱਧਵਾਰ ਨੂੰ ਇਕ ਬੈਠਕ ਕਰਕੇ ਹਰਿਆਣਾ 'ਚ ਵੱਖਰੀ ਕਮੇਟੀ ਦੇ ਗਠਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਤਿੰਨਾਂ ਆਗੂਆਂ ਨੂੰ ਸਿੱਖ ਪੰਥ 'ਚੋਂ ਛੇਕਣ ਦੀ ਅਪੀਲ ਕੀਤੀ ਸੀ। ਬੁੱਧਵਾਰ ਦੀ ਸ਼ਾਮ ਨੂੰ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਹਰਿਆਣਾ ਦੇ ਇਨ੍ਹਾਂ ਸਿੱਖ ਆਗੂਆਂ ਨੂੰ ਪੰਥ 'ਚੋਂ ਛੇਕਣ ਦਾ ਫੈਸਲਾ ਕਰ ਲਿਆ ਗਿਆ।