arrow

ਪੰਜਾਬ ਅੰਦਰ ਵੀ ਆਪਣੇ-ਆਪ ਲਾਗੂ ਹੋ ਰਿਹਾ ਕੁੜੀਆਂ ’ਚ ਬੁਰਕਾ ਸਿਸਟਮ

ਮਾਲੇਰਕੋਟਲਾ, 17 ਜੁਲਾਈ-

ਪਿਛਲੇ ਕੁਝ ਸਮੇਂ ਤੋਂ ਪੰਜਾਬ ਸੂਬੇ ਅੰਦਰ ਇਸਲਾਮੀ ਦੇਸ਼ਾਂ ਦੀਆਂ ਮੁਸਲਿਮ ਔਰਤਾਂ ਵਾਂਗ ਗੈਰ ਮੁਸਲਿਮ ਕੁੜੀਆਂ ਵਿਚ ਵੀ ਨਵੀਂ ਕਿਸਮ ਦਾ ਬੁਰਕਾਸਿਸਟਮ ਆਪਣੇ-ਆਪ ਹੀ ਲਾਗੂ ਹੁੰਦਾ ਜਾ ਰਿਹਾ ਹੈ। ਹਾਲਾਂਕਿ ਇਹ ਕੁੜੀਆਂ ਜਾਂ ਫਿਰ ਔਰਤਾਂ ਜਿਥੇ ਆਪਣੇ ਮੂੰਹ ਤੇ ਕੱਪੜਾ ਧੂੜ ਜਾਂ ਐਲਰਜ਼ੀ ਨੂੰ ਰੋਕਣ ਲਈ ਲੈਂਦੀਆਂ ਹਨ ਉਥੇ ਕੁਝ ਕੁੜੀਆਂ ਆਪਣੇ-ਆਪ ਨੂੰ ਹੋਰਾਂ ਤੋਂ ਅਲੱਗ ਕਿਸਮ ਦੀ ਦਿੱਖ ਦਿਖਾਉਣ ਲਈ ਵੀ ਬੁਰਕਾਸਿਸਟਮ ਅਪਣਾਉਂਦੀਆਂ ਹਨ।

ਪੰਜਾਬ ਦੇ ਪੁਰਾਣੇ ਪੇਂਡੂ ਸੱਭਿਆਚਾਰ ਵਿਚ ਜਿਥੇ ਔਰਤਾਂ ਘੁੰਡ ਕੱਢ ਕੇ ਆਪਣੇ ਚਿਹਰੇ ਨੂੰ ਛੁਪਾਉਂਦੀਆਂ ਸਨ ਉਥੇ ਅਧੁਨਿਕਤਾ ਦੇ ਪਭਾਵ ਨਾਲ ਭਾਵੇਂ ਪੁਰਾਣੇ ਘੁੰਡ ਕੱਢਣ ਦਾ ਰਿਵਾਜ਼ ਤਾਂ ਅਲੋਪ ਹੋ ਗਿਆ ਹੈ ਪਰੰਤੂ ਅਜੋਕੇ ਬਦਲੇ ਸਮਿਆਂ ਵਿਚ ਕੁੜੀਆਂ ਨਵੇਂ ਢੰਗ ਦਾ ਘੁੰਡ ਕੱਢ ਕੇ ਤੇ ਚਿਹਰੇ ਨੂੰ ਲੁਕਾ ਕੇ ਚੱਲਣਾ ਫਖਰ ਸਮਝਦੀਆਂ ਹਨ। ਓਧਰ ਅਪਰਾਧੀ ਕਿਸਮ ਦੇ ਲੋਕ ਜਾਂ ਫਿਰ ਔਰਤਾਂ ਇਸ ਦਾ ਲਾਹਾ ਲੈ ਕੇ ਪੁਲਿਸ ਦੀ ਨਜ਼ਰ ਤੋਂ ਬਚ ਕੇ ਨਿਕਲਣ ਵਿਚ ਵੀ ਕਾਮਯਾਬ ਹੋ ਰਹੀਆਂ ਹਨ। ਪੁਲਿਸ ਲਈ ਇਨ੍ਹਾਂ ਕੁੜੀਆਂ ਨੂੰ ਅਜਿਹਾ ਕਰਨ ਤੋਂ ਰੋਕਣਾ ਮੁਸ਼ਕਿਲ ਕੰਮ ਹੈ।

ਇਥੇ ਜ਼ਿਕਰਯੋਗ ਹੈ ਕਿ ਇਸਲਾਮ ਧਰਮ ਚ ਔਰਤਾਂ ਲਈ ਵਿਸ਼ੇਸ ਤੌਰ ਤੇ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਘਰ ਤੋਂ ਬਾਹਰ ਬਜ਼ਾਰ ਵਿਚ ਜਾਂ ਕਿਸੇ ਵੀ ਤਰ੍ਹਾਂ ਦੇ ਪਬਲਿਕ ਸਮਾਗਮ ਚ ਸ਼ਮੂਲੀਅਤ ਕਰਨ ਲਈ ਜਾਣ ਸਮੇਂ ਬੁਰਕਾ ਪਹਿਣ ਕੇ ਹੀ ਬਾਹਰ ਜਾਣ ਭਾਵ ਬਿਨ੍ਹਾਂ ਪਰਦਾ ਕੀਤੇ ਕਿਸੇ ਵੀ ਪਰਾਏ ਮਰਦ ਦੇ ਸਾਹਮਣੇ ਨਾ ਜਾਣ। ਇਸਲਾਮੀ ਹਕੂਮਤ ਵਾਲੇ ਦੇਸ਼ਾਂ ਚ ਤਾਂ ਇਹ ਹੁਕਮ ਹੋਰ ਵੀ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ। ਜਿਥੇ ਕਿ ਔਰਤਾਂ ਇਥੋਂ ਤੱਕ ਕਿ ਕਾਲਜਾਂ, ਯੂਨੀਵਰਸਿਟੀਆਂ ਚ ਪੜ੍ਹਦੀਆਂ ਕੁੜੀਆਂ ਨੂੰ ਵੀ ਬੁਰਕਾ ਪਹਿਨਣ ਲਈ ਸਖਤੀ ਨਾਲ ਹਦਾਇਤ ਕੀਤੀ ਜਾਂਦੀ ਹੈ।

ਜਿਸ ਕਰਕੇ ਮੁਸਲਿਮ ਕੌਮੀਅਤ ਵਿਚ ਕਈ ਔਰਤਾਂ ਨੇ ਬੁਰਕਾ ਸਿਸਟਮ ਦੇ ਖਿਲਾਫ ਅਵਾਜ਼ ਵੀ ਬੁਲੰਦ ਕੀਤੀ ਹੈ, ਜਿਸ ਲਈ ਉਨ੍ਹਾਂ ਨੂੰ ਮਰਦ ਪ੍ਰਧਾਨ ਮੁਸਲਿਮ ਸਮਾਜ ਦੀ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪਿਆ ਹੈ। ਮਲਾਲਾ ਵੀ ਇਸੇ ਕਰਕੇ ਤਾਲੀਬਾਨਾਂ ਦੀ ਗੋਲੀ ਦਾ ਸ਼ਿਕਾਰ ਬਣੀ ਸੀ, ਕਿਉਂ ਕਿ ਉਹ ਔਰਤਾਂ ਦੀ ਅਜ਼ਾਦੀ ਲਈ ਲੜਾਈ ਲੜ੍ਹ ਰਹੀ ਸੀ। ਅੱਜ-ਕੱਲ ਪੰਜਾਬ ਵਿਚ ਹੀ ਨਹੀਂ ਬਲਕਿ ਕਈ ਹੋਰ ਖੇਤਰਾਂ ਅੰਦਰ ਮੁਸਲਮਾਨਾਂ ਦੇ ਨਾਲ-ਨਾਲ ਹਿੰਦੂਆਂ ਅਤੇ ਸਿੱਖਾਂ ਦੀਆਂ ਕੁੜੀਆਂ ਵੀ ਪਰਦਾ ਕਰਨਾ ਪਸੰਦ ਕਰਨ ਲੱਗ ਪਈਆਂ ਹਨ, ਪੰਜਾਬ ਅੰਦਰ ਪਿਛਲੇ ਕਰੀਬ 2-3 ਸਾਲਾਂ ਤੋਂ ਬੜੀ ਤੇਜ਼ੀ ਨਾਲ ਜ਼ੋਰ ਫੜਦੇ ਜਾ ਰਹੇ ਇਸ ਬੁਰਕਾ ਸਿਸਟਮ ਬਾਰੇ ਜਦੋਂ ਸ਼ਹਿਰ ਅੰਦਰ ਕੁਝ ਬੁਰਕਾਧਾਰੀ ਕੁੜੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਆਪਣੇ ਮੂੰਹ ਤੇ ਲਏ ਹੋਏ ਕੱਪੜੇ ਨੂੰ ਪਹਿਲਾਂ ਤਾਂ ਉਤਾਰਣ ਲਈ ਤਿਆਰ ਨਹੀਂ ਸਨ ਪਰੰਤੂ ਫਿਰ ਪੁੱਛਣ ਤੇ ਉਨ੍ਹਾਂ ਬੁਰਕਾ ਧਾਰਨ ਦਾ ਮੁੱਖ ਕਾਰਨ ਦੱਸਿਆ ਕਿ ਉਨ੍ਹਾਂ ਨੂੰ ਧੂੜ ਕਰਕੇ ਇਹ ਕੱਪੜਾ ਮੂੰਹ ਅਤੇ ਬਾਹਾਂ ਉਪੱਰ ਪਾਉਣਾ ਪੈਂਦਾ ਹੈ, ਕਈਆਂ ਨੇ ਤਾਂ ਬੇਝਿਕ ਹੋ ਕੇ ਕਿਹਾ ਕਿ ਧੁੱਪ ਵਿਚ ਜਾਂ ਫਿਰ ਧੂੜ ਚ ਉਨ੍ਹਾਂ ਦੇ ਗੋਰੇ ਰੰਗ ਨੂੰ ਵੀ ਫਰਕ ਪੈਂਦਾ ਹੈ।

ਕੁੜੀਆਂ ਅੰਦਰ ਵਧ ਰਹੇ ਇਸ ਨਵੀਂ ਕਿਸਮ ਦੇ ਬੁਰਕਾ ਸਿਸਟਮ ਬਾਰੇ ਜਦੋਂ ਮੁਸਲਿਮ ਮਹਿਲਾ ਵਿਦਵਾਨ ਡਾ:ਰੁਬੀਨਾਂ ਸ਼ਬਨਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਧੂਨਿਕ ਸਮੇਂ ਵਿਚ ਬੁਰਕੇ ਦੀ ਬਹੁਤੀ ਜ਼ਰੂਰਤ ਨਹੀਂ ਹੈ, ਮੇਰੀ ਆਪਣੀ ਨਿੱਜੀ ਰਾਏ ਵੀ ਇਹੀ ਹੈ ਕਿ ਔਰਤਾਂ ਵਿਚ ਵੱਧ ਰਿਹਾ ਬੁਰਕਾ ਸਿਸਟਮ ਬੰਦ ਹੋਣਾ ਚਾਹੀਦਾ ਹੈ, ਕਿਉਂ ਕਿ ਅੱਜ ਦੇ ਯੁੱਗ ਵਿਚ ਔਰਤਾਂ ਮਰਦਾਂ ਦੇ ਬਰਾਬਰ ਹਰੇਕ ਖੇਤਰ ਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਹੀਆਂ ਹਨ ਅਤੇ ਸਾਡੀਆਂ ਸਰਕਾਰਾਂ ਵੀ ਔਰਤਾਂ ਨੂੰ ਮਰਦਾਂ ਦੇ ਬਰਾਬਰ ਦਾ ਦਰਜਾ ਦੇਣ ਦੇ ਉਪਰਾਲੇ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਉਂਝ ਭਾਵੇਂ ਨਵੇਂ ਸਮੇਂ ਦੀਆਂ ਕੁੜੀਆਂ ਜਿਹੜਾ ਧੁੱਪ ਜਾਂ ਐਲਰਜੀ ਤੋਂ ਬਚਾਓ ਲਈ ਆਪਣਾ ਚਿਹਰਾ ਢਕਦੀਆਂ ਹਨ ਉਸਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਪਰੰਤੂ ਗਲਤ ਭਾਵਨਾਂ ਨਾਲ ਚਿਹਰਾ ਢਕਣ ਨੂੰ ਠੀਕ ਨਹੀਂ ਕਿਹਾ ਜਾ ਸਕਦਾ।ਉਨ੍ਹਾਂ ਕਿਹਾ ਕਿ ਬੁਰਕੇ ਦੀ ਬਜਾਏ ਮਾਂ-ਬਾਪ ਨੁੰ ਚਾਹੀਦਾ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਚੰਗੀ ਸਿੱਖਿਆ ਦੇਣ ਅਤੇ ਉਨ੍ਹਾਂ ਨੂੰ ਉਹਨਾਂ ਦੇ ਹੱਕ-ਹਕੂਕ ਬਾਰੇ ਜਾਗਰੂਕ ਕੀਤਾ ਜਾਵੇ ਤੇ ਧਾਰਮਿਕ ਸਿੱਖਿਆ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਚੰਗੇ ਮਾੜੇ ਕੰਮਾਂ ਦੀ ਜਾਣਕਾਰੀ ਹੋਵੇ ਅਤੇ ਉਹ ਇਕ ਚੰਗੇ ਸਮਾਜ ਦੀ ਸਿਰਜਣਾਂ ਚ ਆਪਣਾ ਯੋਗਦਾਨ ਪਾ ਸਕਣ।

ਇਹ ਰਵਾਇਤ ਸਿਰਫ ਕੁੜੀਆਂ ਵਿਚ ਹੀ ਨਹੀਂ ਹੈ ਸਗੋਂ ਇਹ ਰਵਾਇਤ ਹੁਣ ਮਰਦਾਂ ਵਿਚ ਵੀ ਪ੍ਰਚਲਤ ਹੈ, ਬੇਸ਼ੱਕ ਉਹ ਮੂੰਹ ਤੇ ਰੁਮਾਲ ਬਗੈਰਾ ਪਾ ਕੇ ਘਰੋਂ ਬਾਇਕ ਤੇ ਨਿਕਲਦੇ ਹਨ। ਮਰਦਾਂ ਨੇ ਵੀ ਇਸ ਦਾ ਕਾਰਨ ਧੂੜ ਨੂੰ ਹੀ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿਚ ਚੈਨੀ ਚੋਰਾਂ ਦੇ ਮਹਿਲਾ ਗਿਰੋਹ ਘੁੰਮਦੇ ਹਨ। ਜਿੰਨ੍ਹਾਂ ਨੂੰ ਫੜਣ ਵਿਚ ਪੰਜਾਬ ਪੁਲਿਸ ਨੇ ਕਈ ਵਾਰੀ ਸਫਲਤਾ ਵੀ ਹਾਸਲ ਕੀਤੀ ਹੈ, ਕਈ ਔਰਤਾਂ ਭਗੌੜੀਆਂ ਵੀ ਹਨ ਜੋ ਕਿ ਚੈਨੀ ਚੋਰੀ ਦੇ ਮਾਮਲੇ ਵਿਚ ਪਰਚਾ ਦਰਜ ਹੋਣ ਕਰਕੇ ਮਾਨਯੋਗ ਅਦਾਲਤ ਵੱਲੋਂ ਭਗੌੜੀਆਂ ਕਰਾਰ ਦਿੱਤੀਆਂ ਗਈਆਂ ਹਨ। ਜਿਸ ਕਰਕੇ ਇਸ ਰਵਾਇਤ ਨਾਲ ਪੰਜਾਬ ਵਿਚ ਜ਼ੁਰਮ ਵੱਧ ਸਕਦਾ ਹੈ।