arrow

ਹੁੱਡਾ ਨੇ ਸਿੱਖਾਂ 'ਚ ਵੰਡੀਆਂ ਪਾਉਣ ਦੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ-ਜੀ.ਕੇ.

ਨਵੀਂ ਦਿੱਲੀ, 17 ਜੁਲਾਈ-

ਹਰਿਆਣਾ ਦੀ ਵੱਖਰੀ ਕਮੇਟੀ ਦੇ ਗਠਨ ਨੂੰ ਰੋਕਣ 'ਚ ਨਾਕਾਮ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬ) ਨੇ ਸਿੱਧੇ ਰੂਪ 'ਚ ਗਾਂਧੀ ਪਰਿਵਾਰ ਨੂੰ ਨਿਸ਼ਾਨੇ 'ਤੇ ਲੈ ਲਿਆ ਹੈ ਤੇ ਸ਼ਾਇਦ ਇਸੇ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ਮੂਹਰੇ ਕੱਲ੍ਹ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿਖੇ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਹੀ ਹਰਿਆਣਾ 'ਚ ਵੱਖਰੀ ਸ਼੍ਰੋਮਣੀ ਕਮੇਟੀ ਦਾ ਗਠਨ ਕਰਕੇ ਸਿੱਖਾਂ 'ਚ ਵੰਡੀਆਂ ਪਾਉਣ ਦੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਹੁੱਡਾ ਨੂੰ ਪਤਾ ਹੈ ਕਿ ਹੁਣ ਹਰਿਆਣਾ ਵਿਚ ਵੀ ਹਾਰ ਨਿਸ਼ਚਿਤ ਹੈ, ਇਸੇ ਕਰਕੇ ਜਾਂਦੇ-ਜਾਂਦੇ ਵੀ ਪਿੱਠ 'ਚ ਛੁਰਾ ਮਾਰ ਕੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀਆਂ ਕਾਂਗਰਸੀ ਨੀਤੀਆਂ ਨੂੰ ਅੰਜ਼ਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ 1984 ਸਿੱਖ ਕਤਲੇਆਮ ਤੇ ਸਾਕਾ ਨੀਲਾ ਤਾਰਾ ਦਾ ਦੋਸ਼ੀ ਹੈ ਪ੍ਰੰਤੂ ਉਸ ਤੋਂ ਸਬਕ ਲੈਣ ਦੀ ਬਜਾਏ ਹਾਲੇ ਵੀ ਸਿੱਖਾਂ ਨਾਲ ਟਕਰਾਅ ਦੀ ਨੀਤੀ ਨੂੰ ਨਹੀਂ ਤਿਆਗ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਦੀ ਵੱਖਰੀ ਕਮੇਟੀ ਦੇ ਗਠਨ ਸਬੰਧੀ ਬਿੱਲ ਪਾਸ ਕਰਵਾਉਣ ਲਈ ਗੈਰ-ਸੰਵਿਧਾਨਕ ਤਰੀਕੇ ਵਰਤੇ ਗਏ ਹਨ ਤੇ ਸਿੱਖ ਕੌਮ ਇਸ ਵੱਖਰੀ ਕਮੇਟੀ ਨੂੰ ਕਿਸੇ ਵੀ ਹਾਲਤ 'ਚ ਪ੍ਰਵਾਨ ਨਹੀਂ ਕਰੇਗੀ। ਮਨਜੀਤ ਸਿੰਘ ਜੀ. ਕੇ. ਨੇ ਹਰਿਆਣਾ ਦੇ ਆਗੂ ਜਗਦੀਸ਼ ਸਿੰਘ ਝੀਡਾ, ਦੀਦਾਰ ਸਿੰਘ ਨਲਵੀ ਤੇ ਪਰਮਜੀਤ ਸਿੰਘ ਸਰਨਾ ਨੂੰ ਹਾਰੇ ਹੋਏ ਜੁਆਰੀ ਕਰਾਰ ਦਿੱਤਾ ਤੇ ਕਿਹਾ ਕਿ ਇਹ ਤਿੰਨੇ ਸਿੱਖੀ ਵਿਰੋਧੀ ਤਾਕਤਾਂ ਦੇ ਏਜੰਟ ਬਣੇ ਹੋਏ ਹਨ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਆਗੂਆਂ, ਦਿੱਲੀ ਦੇ ਅਕਾਲੀ ਵਿਧਾਇਕਾਂ, ਕੌਂਸਲਰਾਂ ਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਹੰਗਾਮੀ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਹਰਿਆਣਾ ਦੀ ਵੱਖਰੀ ਕਮੇਟੀ ਦੇ ਗਠਨ ਦੀ ਨਿਖੇਧੀ ਦਾ ਮਤਾ ਪਾਸ ਕੀਤਾ ਗਿਆ ਹੈ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਾਂਗਰਸ ਨੇ ਸਿੱਖਾਂ ਦੇ ਹੱਕ ਕਦੀ ਨਹੀਂ ਦਿੱਤੇ ਬਲਕਿ ਹੱਕ ਖੋਹ ਕੇ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਰਦੀ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਿਆਸੀ ਪੱਤਾ ਖੇਡਣ ਲਈ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਸ. ਸਿਰਸਾ ਨੇ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਸਿੱਖਾਂ ਨਾਲ ਨਹੀਂ ਬਲਕਿ ਸਿੱਧਾ ਅਕਾਲ ਤਖਤ ਨਾਲ ਟਕਰਾਅ ਸ਼ੁਰੂ ਕੀਤਾ ਹੈ, ਜਿਸ ਦੇ ਨਤੀਜੇ ਉਸ ਨੂੰ ਛੇਤੀ ਭੁਗਤਣੇ ਪੈਣਗੇ।

ਸਰਨਾ, ਝੀਂਡਾ ਤੇ ਨਲਵੀ ਹਾਰੇ ਜੁਆਰੀ-ਅਕਾਲੀ ਦਲ

ਨਵੀਂ ਦਿੱਲੀ- ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ 'ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ, ਨਲਵੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਅਕਾਲੀ ਦਲ ਨੇ ਹਾਰਿਆ ਜੁਆਰੀ ਕਰਾਰ ਦਿੱਤਾ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਿੱਲੀ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਇਹ ਤਿੰਨੇ ਆਗੂ ਐੱਸ. ਜੀ. ਪੀ. ਸੀ. ਦੀਆਂ ਚੋਣਾਂ ਹਾਰ ਚੁੱਕੇ ਹਨ ਅਤੇ ਹੁਣ ਸਿੱਖਾਂ ਨੂੰ ਵੰਡਣ ਲਈ ਹਰਿਆਣਾ ਦੀ ਵੱਖਰੀ ਕਮੇਟੀ ਬਣਾਉਣ ਦੀ ਸਿਆਸਤ ਕਰ ਰਹੇ ਹਨ। ਮਨਜੀਤ ਸਿੰਘ ਨੇ ਦੋਸ਼ ਲਾਇਆ ਕਿ ਇਹ ਤਿੰਨੇ ਆਗੂ ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਅਤੇ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਹਨ।

ਅਕਾਲੀ ਦਲ ਪਹਿਲਾਂ ਵੀ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਸਿੱਖ ਕੌਮ 'ਤੇ ਤੀਜਾ ਹਮਲਾ ਕਰਾਰ ਦੇ ਚੁੱਕਾ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮਾਮਲੇ 'ਚ ਗਾਂਧੀ ਪਰਿਵਾਰ ਨੂੰ ਲਪੇਟਿਆ ਸੀ। ਹੁਣ ਅਕਾਲੀ ਦਲ ਦੀ ਦਿੱਲੀ ਇਕਾਈ ਇਸ ਪੂਰੇ ਮਾਮਲੇ 'ਚ ਗਾਂਧੀ ਪਰਿਵਾਰ ਨੂੰ ਦੋਸ਼ੀ ਠਹਿਰਾ ਰਹੀ ਹੈ।