arrow

ਬਜਟ ਨੇ ਅਕਾਲੀ ਸਰਕਾਰ ਦੀ ਵਿੱਤੀ ਅਸਫਲਤਾ ਨੂੰ ਉਜਾਗਰ ਕੀਤਾ-ਅਮਰਿੰਦਰ

ਚੰਡੀਗੜ੍ਹ, 17 ਜੁਲਾਈ-

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਵਿੱਤ ਮੰਤਰੀ ਵਲੋਂ ਅੱਜ ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਬਜਟ 'ਚ ਅਕਾਲੀ-ਭਾਜਪਾ ਸਰਕਾਰ ਵਿੱਤੀ ਅਸਫਲਤਾ ਨੂੰ ਮੰਨਦੇ ਹੋਏ ਉਸ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਇਸ ਤੋਂ ਪਤਾ ਲੱਗਾ ਹੈ ਕਿ ਸਰਕਾਰ ਕਿੰਨੇ ਗਲਤ ਤਰੀਕੇ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਜਟ ਨਾਲ ਚਮਤਕਾਰ ਹੋਣ ਦੀ ਉਮੀਦ ਨਹੀਂ ਸੀ ਪਰ ਇਸ ਦੇ ਬਾਵਜੂਦ ਬਜਟ ਸਾਡੀਆਂ ਇੱਛਾਵਾਂ ਤੋਂ ਕਿਤੇ ਨਿਰਾਸ਼ਾਜਨਕ ਰਿਹਾ। ਉਨ੍ਹਾਂ ਬਜਟ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਜਟ ਦੇ ਸਮੇਂ ਗੈਰ ਹਾਜ਼ਰ ਰਹਿਣ ਤੋਂ ਪਤਾ ਲਗਦਾ ਹੈ ਕਿ ਉਹ ਸੂਬੇ ਪ੍ਰਤੀ ਗੰਭੀਰ ਨਹੀਂ ਹਨ।

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 'ਤੇ ਕਰਜ਼ਾ ਚਾਲੂ ਵਿੱਤੀ ਸਾਲ ਦੇ ਅਖੀਰ ਤਕ 1,13,053 ਕਰੋੜ ਪਹੁੰਚ ਜਾਵੇਗਾ, ਜਿਸ ਨਾਲ ਸਰਕਾਰ ਚਲਾਉਣਾ ਗਠਜੋੜ ਲਈ ਮੁਸ਼ਕਲ ਹੋਵੇਗਾ।  ਸਰਕਾਰ ਨੇ ਸੁਧਾਰਾਂ ਲਈ ਕੋਈ ਕਦਮ ਨਹੀਂ ਉਠਾਇਆ। ਉਨ੍ਹਾਂ  ਕਿਹਾ ਕਿ ਵਿੱਤ ਮੰਤਰੀ 5.25 ਫੀਸਦੀ ਸਾਲਾਨਾ ਵਿਕਾਸ ਦਰ 'ਤੇ ਉਤਸ਼ਾਹਿਤ ਹੋ ਰਹੇ ਹਨ, ਜਦੋਂ ਕਿ ਬਿਹਾਰ ਅਤੇ ਗੁਜਰਾਤ 'ਚ ਸਾਲਾਨਾ ਵਿਕਾਸ ਦਰ 12 ਫੀਸਦੀ ਨੂੰ ਪਾਰ ਕਰ ਚੁੱਕੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਮੰਨਿਆ ਕਿ ਉਹ ਪੂਰੀ ਤਰ੍ਹਾਂ ਮਾਲੀ ਘਾਟੇ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ ਹੈ। ਮਾਲੀ ਘਾਟਾ 3 ਗੁਣਾ ਵਧ ਗਿਆ ਹੈ। ਬੀਤੇ ਸਾਲ ਇਹ 1750 ਕਰੋੜ ਸੀ ਜਿਹੜਾ ਹੁਣ ਵਧ ਕੇ 5242 ਕਰੋੜ ਹੋ ਗਿਆ ਹੈ। ਕੈਪਟਨ ਨੇ ਕਿਹਾ ਕਿ ਬਜਟ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੱਲ ਕਰਨ 'ਚ ਅਸਫਲ ਰਿਹਾ ਹੈ ਅਤੇ ਨਾ ਹੀ ਉਸ ਨੇ ਉਦਯੋਗਾਂ ਅਤੇ ਖੇਤੀ ਖੇਤਰ ਨੂੰ ਕੋਈ  ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਯੂ. ਪੀ. ਏ. ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਭਲਾਈ ਯੋਜਨਾਵਾਂ ਦੇ ਸਹਾਰੇ ਹੀ ਸਰਕਾਰ ਚੱਲੀ ਹੈ। ਹੁਣ ਉਸ ਕੋਲ ਅੱਗੇ ਕੰਮ ਕਰਨ ਲਈ ਵਸੀਲੇ ਨਹੀਂ ਹਨ।

ਅਸਤੀਫੇ ਦੀ ਪੇਸ਼ਕਸ਼ ਡਰਾਮਾ- ਅਮਰਿੰਦਰ

ਜਲੰਧਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਅਰੁਣ ਜੇਤਲੀ ਨਾਲ ਮੁਲਾਕਾਤ ਦੇ ਬਾਅਦ ਹਰਿਆਣਾ ਸਰਕਾਰ ਵਲੋਂ ਵੱਖਰੀ ਸਿੱਖ ਗੁਰਦੁਆਰਾ ਕਮੇਟੀ ਬਣਾਉਣ ਦੇ ਫੈਸਲੇ ਦੇ ਵਿਰੁੱਧ ਅਸਤੀਫਾ ਦੇਣ ਦੀ ਧਮਕੀ ਸਿਰਫ ਡਰਾਮਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਬਿਆਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਬਾਦਲ ਨੇ ਹਮੇਸ਼ਾ ਦੋਹਰੀ ਰਾਜਨੀਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਲਈ ਤਾਂ ਬਾਦਲ ਨੇ ਜੇਲ ਯਾਤਰਾ ਕੀਤੀ ਸੀ। ਹੁਣ ਉਹ ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦਾ ਵਿਰੋਧ ਕਿਉਂ ਕਰ ਰਹੇ ਹਨ। ਦਿੱਲੀ ਤੇ ਹਰਿਆਣਾ ਵਿਚ ਵੱਖ-ਵੱਖ ਸਿਆਸਤ ਕਿਉਂ ਖੇਡੀ ਜਾ ਰਹੀ ਹੈ। ਹਰਿਆਣਾ ਵਿਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਹੁੱਡਾ ਸਰਕਾਰ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਜੇਕਰ ਹਰਿਆਣਾ ਵਿਚ ਸਰਕਾਰ ਨੇ ਵਿਧਾਨ ਸਭਾ ਵਿਚ ਬਿੱਲ ਪਾਸ ਕਰਵਾ ਲਿਆ ਹੈ ਤਾਂ ਫਿਰ ਬਾਦਲ ਨੂੰ ਇਤਰਾਜ਼ ਕਿਉਂ ਹੋ ਰਿਹਾ ਹੈ।