arrow

...ਜਦੋਂ ਅਕਾਲੀ ਵਿਧਾਇਕ ਨੇ ਹੀ ਮਜੀਠੀਆ ਨੂੰ ਸਦਨ 'ਚ ਘੇਰਿਆ

ਚੰਡੀਗੜ੍ਹ, 17 ਜੁਲਾਈ-

ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਅੱਜ ਕਾਂਗਰਸੀ ਵਿਧਾਇਕਾਂ ਨੇ ਅਕਾਲੀ ਵਿਧਾਇਕ ਇਕਬਾਲ ਸਿੰਘ ਝੂੰਦਾਂ ਵਲੋਂ ਮਾਲੀਆ ਅਤੇ ਜਨ ਸੰਪਰਕ ਵਿਭਾਗ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਘੇਰਨ 'ਤੇ ਮੇਜ਼ਾਂ ਥਪਥਪਾ ਕੇ ਖੁਸ਼ੀ ਪ੍ਰਗਟਾਈ।

ਝੂੰਦਾਂ ਪ੍ਰਸ਼ਨਕਾਲ ਦੌਰਾਨ ਮਜੀਠੀਆ ਤੋਂ ਜਾਣਨਾ ਚਾਹੁੰਦੇ ਸਨ ਕਿ ਕੀ ਸੂਬੇ ਦੇ ਸ਼ਹਿਰੀ ਤੇ ਪੇਂਡੂ ਖੇਤਰਾਂ 'ਚ ਜ਼ਮੀਨ ਦੀ ਰਜਿਸਟਰੀ ਲਈ ਕਲੈਕਟਰ ਦਰਾਂ 'ਚ ਕਮੀ ਕੀਤੇ ਜਾਣ ਦਾ ਕੋਈ ਪ੍ਰਸਤਾਵ ਹੈ? ਅਤੇ ਕੀ ਇਸ ਸੰਬੰਧ 'ਚ ਚੁਣੇ ਨੁਮਾਇੰਦਿਆਂ ਦੀ ਵੀ ਸਲਾਹ ਲਈ ਗਈ ਹੈ। ਮਜੀਠੀਆ ਨੇ ਅਜਿਹੇ ਕਿਸੇ ਪ੍ਰਸਤਾਵ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਦਰਾਂ ਜ਼ਿਲਾ ਡੀ. ਸੀ. ਵਲੋਂ ਪੰਜਾਬ ਸਟੈਂਪ ਰੂਲਸ 1983 ਦੇ ਨਿਯਮ 3 ਏ ਦੇ ਤਹਿਤ ਤੈਅ ਕੀਤੀਆਂ ਜਾਂਦੀਆਂ ਹਨ।

ਉਨ੍ਹਾਂ ਕਿਹਾ ਕਿ ਬੀਤੀ 22 ਮਈ ਨੂੰ ਜ਼ਿਲਾ ਡੀ. ਸੀਜ਼ ਨੂੰ ਕਿਹਾ ਗਿਆ ਹੈ ਕਿ ਇਸ ਸੰਬੰਧ 'ਚ ਉਹ ਵਿਧਾਇਕਾਂ ਅਤੇ ਜ਼ਿਲਾ ਪ੍ਰੀਸ਼ਦ, ਮਿਊਂਸੀਪਲ ਕਾਰਪੋਰੇਸ਼ਨ/ਪ੍ਰੀਸ਼ਦ/ਨਗਰ ਪੰਚਾਇਤ ਦੇ ਨੁਮਾਇੰਦਿਆਂ ਦੀ ਵੀ ਸਲਾਹ ਲੈਣ। ਝੂੰਦਾਂ ਨੇ ਆਪਣੇ ਅਨੁਪੂਰਕ ਪ੍ਰਸ਼ਨ 'ਚ ਸੂਬੇ ਦੀਆਂ ਮਿਊਂਸੀਪਲ ਕਮੇਟੀਆਂ ਤੇ ਉਨ੍ਹਾਂ ਦੇ ਨਾਲ ਲੱਗਦੇ 5 ਕਿਲੋਮੀਟਰ ਖੇਤਰਾਂ 'ਚ ਸਟੈਂਪ ਡਿਊਟੀ ਦੀਆਂ ਦਰਾਂ 'ਚ ਭਾਰੀ ਅੰਤਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਨਾਲ ਆਮ ਲੋਕ ਪੀੜਤ ਹਨ। ਝੂੰਦਾਂ ਨੇ ਜਾਣਨਾ ਚਾਹਿਆ ਕਿ ਕੀ ਸਰਕਾਰ ਇਸ ਸੰਬੰਧ 'ਚ ਸਾਕਾਰਾਤਮਕ ਫੈਸਲਾ ਲੈ ਕੇ ਆਮ ਜਨਤਾ ਨੂੰ ਰਾਹਤ ਪਹੁੰਚਾਏਗੀ ਕਿਉਂਕਿ ਅਜਿਹਾ ਨਾ ਕੀਤੇ ਜਾਣ ਨਾਲ ਲੋਕਾਂ ਦੇ ਮਨ 'ਚ ਸਰਕਾਰ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ।

ਮਜੀਠੀਆ ਨੇ ਝੂੰਦਾਂ ਦੇ ਸੁਝਾਅ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਕੰਮ ਮਾਲੀਆ ਵਿਭਾਗ ਦਾ ਨਹੀਂ ਹੈ। ਜ਼ਿਲਾ ਡੀ. ਸੀ. ਹੀ ਇਸ ਦੇ ਲਈ ਆਥੋਰਾਈਜ਼ਡ ਹੈ ਪਰ ਝੂੰਦਾਂ ਨੇ ਕਿਹਾ ਕਿ ਇਹ ਡੀ. ਸੀਜ਼ ਦੇ ਬਸ ਦੀ ਗੱਲ ਨਹੀਂ, ਸਰਕਾਰ ਜੇਕਰ ਚਾਹੇ ਤਾਂ ਇਹ ਫੈਸਲਾ ਲੈ ਕੇ ਆਮ ਜਨਤਾ ਨੂੰ ਰਾਹਤ ਦੇ ਸਕਦੀ ਹੈ। ਝੂੰਦਾਂ ਦੇ ਇਸ ਕਥਨ ਮਗਰੋਂ ਸਦਨ 'ਚ ਮੌਜੂਦ ਕਾਂਗਰਸੀ ਵਿਧਾਇਕਾਂ ਨੇ ਮੇਜ਼ਾਂ ਥਪਥਪਾ ਕੇ ਖੁਸ਼ੀ ਪ੍ਰਗਟਾਈ। ਇਸ ਮੌਕੇ ਕਾਂਗਰਸੀ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਨੇ ਵੀ ਚੁਟਕੀ ਲਈ ਕਿ ਸਰਕਾਰ ਆਮ ਜਨਤਾ ਨਾਲ ਜੁੜੇ ਮਾਮਲਿਆਂ ਨੂੰ ਸੁਲਝਾਉਣਾ ਤਾਂ ਕੀ ਸੁਣਨ ਲਈ ਵੀ ਤਿਆਰ ਨਹੀਂ ਹੈ।

ਸਦਨ 'ਚ ਮੁੱਖ ਮੰਤਰੀ ਤਾਂ ਮੌਜੂਦ ਨਹੀਂ ਹੈ ਪਰ ਕੀ ਉਪ ਮੁੱਖ ਮੰਤਰੀ ਇਹ ਭਰੋਸਾ ਨਹੀਂ ਦੇ ਸਕਦੇ ਕਿ ਆਮ ਜਨਤਾ ਨਾਲ ਜੁੜੀ ਇਸ ਪ੍ਰੇਸ਼ਾਨੀ ਦੇ ਸੰਬੰਧ 'ਚ ਕੋਈ ਵਿਚਾਰ ਕੀਤਾ ਜਾਏਗਾ। ਜਾਖੜ ਦੀ ਇਸ ਟਿੱਪਣੀ ਮਗਰੋਂ ਮਜੀਠੀਆ ਨੇ ਵੀ ਆਪਣਾ ਸਟੈਂਡ ਬਦਲਦੇ ਹੋਏ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਕੈਬਨਿਟ ਸਾਹਮਣੇ ਵਿਚਾਰ ਲਈ ਰੱਖਿਆ ਜਾਏਗਾ।