arrow

ਸਰਨਾ ਨੇ ਕੀਤੀ ਹੁੱਡਾ ਨਾਲ ਮੀਟਿੰਗ

ਚੰਡੀਗੜ੍ਹ , 17 ਜੁਲਾਈ-

ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਗ੍ਰਹਿ ਵਿਖੇ ਪੁੱਜ ਕੇ ਉਨ੍ਹਾਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਵੱਖਰੀ ਕਮੇਟੀ ਬਣਾਉਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਹਮੇਸ਼ਾ ਹੀ ਸਿੱਖ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ 'ਚ ਯਕੀਨ ਰੱਖਦੀ ਹੈ।

ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੇ ਪ੍ਰਧਾਨ ਦਮਨਦੀਪ ਸਿੰਘ ਨੇ ਦੱਸਿਆ ਕਿ ਇਸ ਨਾਲ ਬਾਦਲ ਪਰਿਵਾਰ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਜਗਤ ਵਿਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਸਿੱਖਾਂ ਨੇ ਇਸ ਫੈਸਲੇ ਦਾ ਆਤਿਸ਼ਬਾਜ਼ੀ ਚਲਾ ਕੇ ਸੁਆਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ 'ਤੇ ਬਾਦਲ ਦਲੀਆਂ ਦਾ ਕਬਜ਼ਾ ਹੈ ਅਤੇ ਸਿੱਖ ਪੰਥ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਖੁਦ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਪ੍ਰਬੰਧ ਨੂੰ ਪਹਿਲਾਂ ਨਾਲੋਂ ਸੁਚਾਰੂ ਢੰਗ ਨਾਲ ਚਲਾ ਸਕਣਗੇ।

ਦਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਮੇਂ ਕੁਝ ਸਮਾਂ ਸ. ਸਰਨਾ ਨੇ ਮੁੱਖ ਮੰਤਰੀ ਸ਼੍ਰੀ ਹੁੱਡਾ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ ਅਤੇ ਹਰਿਆਣਾ ਦੀ ਨਵੀਂ ਕਮੇਟੀ ਬਾਰੇ ਹੀ ਕੁਝ ਵਿਚਾਰਾਂ ਕੀਤੀਆਂ। ਇਸ ਮੌਕੇ ਦਮਨਦੀਪ ਸਿੰਘ ਤੋਂ ਇਲਾਵਾ ਮਨਜੀਤ ਸਿੰਘ ਸਰਨਾ, ਹਰਿੰਦਰ ਸਿੰਘ ਕੈਰੋਂ, ਹਰਿੰਦਰਪਾਲ ਸਿੰਘ. ਜਤਿੰਦਰ ਸਿੰਘ ਸੋਨੂੰ, ਰਾਜਿੰਦਰ ਸਿੰਘ ਵਾਸਨ, ਹਰਕੀਰਤ ਸਿੰਘ ਚੋਪੜਾ, ਰਮਨਦੀਪ ਸਿੰਘ ਸੋਨੂੰ, ਭੁਪਿੰਦਰਪਾਲ ਸਿੰਘ, ਇੰਦਰਜੀਤ ਸਿੰਘ ਸੰਤਗੜ੍ਹ, ਮਾਣਕ ਸਿੰਘ ਬੇਦੀ, ਸ਼ਲਿੰਦਰ ਸਿੰਘ ਆਦਿ ਵੀ ਸਰਨਾ ਦੇ ਨਾਲ ਵਧਾਈ ਦੇਣ ਵਾਲਿਆਂ 'ਚ ਸ਼ਾਮਲ ਸਨ।