arrow

ਐੱਨ. ਆਰ. ਆਈ. ਜਾਇਦਾਦਾਂ ਬਾਰੇ ਯੋਜਨਾ ਬਣੇਗੀ- ਤੋਤਾ ਸਿੰਘ

ਚੰਡੀਗੜ੍ਹ , 17 ਜੁਲਾਈ-

ਪੰਜਾਬ ਸਰਕਾਰ ਵੱਲੋਂ ਐੱਨ. ਆਰ. ਆਈਜ਼. ਦੀਆਂ ਜ਼ਮੀਨਾਂ/ਜਾਇਦਾਦਾਂ ਦੀ ਤਕਸੀਮ ਲਈ ਵੱਡੇ ਪੱਧਰ 'ਤੇ ਯੋਜਨਾ ਤਿਆਰ ਕੀਤੀ ਜਾਵੇਗੀ ਤਾਂ ਜੋ 18 ਸਾਲ ਤੋਂ ਉੱਪਰ ਦੇ ਵਿਅਕਤੀਆਂ ਦੀਆਂ ਜਾਇਦਾਦਾਂ ਦੀ ਤਕਸੀਮ ਮੈਰਿਟ ਦੇ ਆਧਾਰ 'ਤੇ ਕੀਤੀ ਜਾ ਸਕੇ। ਪ੍ਰਵਾਸੀ ਮਾਮਲਿਆਂ ਵਿਭਾਗ ਦੇ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਐੱਨ. ਆਰ. ਆਈਜ਼. ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਸਬੰਧੀ ਮਾਮਲਿਆਂ ਦਾ ਪੱਕਾ ਹੱਲ ਕੱਢਣ ਲਈ ਨੀਤੀ ਤਿਆਰ ਕੀਤੀ ਜਾਵੇ।

ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਐੱਨ. ਆਰ. ਆਈਜ਼. ਦੀਆਂ 80 ਫ਼ੀਸਦੀ ਸ਼ਿਕਾਇਤਾਂ ਜਾਇਦਾਦ ਦੇ ਝਗੜਿਆਂ ਨਾਲ ਸੰਬੰਧਿਤ ਹਨ। ਇਸ ਲਈ ਅਜਿਹੀ ਪ੍ਰਕਿਰਿਆ ਵਿਕਸਿਤ ਕੀਤੀ ਜਾਵੇ ਜਿਸ ਨਾਲ ਸ਼ਿਕਾਇਤਾਂ ਦਾ ਸਮਾਂਬੱਧ ਨਿਬੇੜਾ ਯਕੀਨੀ ਬਣ ਸਕੇ। ਉਨ੍ਹਾਂ ਕਿਹਾ ਕਿ ਐੱਨ. ਆਰ. ਆਈਜ਼. ਦੇ ਜ਼ਮੀਨ ਨਾਲ ਸੰਬੰਧਿਤ ਤਕਸੀਮ ਦੇ ਝਗੜਿਆਂ ਦਾ ਪੱਕੇ ਤੌਰ 'ਤੇ ਹੱਲ ਕਰਨ ਲਈ ਪੰਜਾਬ ਸਰਕਾਰ ਲੋੜ ਮੁਤਾਬਕ ਐਕਟ ਵਿਚ ਸੋਧ ਕਰਨ ਨੂੰ ਵੀ ਤਿਆਰ ਹੈ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੰਜੇ ਕੁਮਾਰ, ਪ੍ਰਮੁੱਖ ਸਕੱਤਰ, ਪ੍ਰਵਾਸੀ ਮਾਮਲੇ, ਗੁਰਪ੍ਰੀਤ ਦਿਓ, ਆਈ. ਜੀ., ਐੱਨ. ਆਰ. ਆਈ. ਪੁਲਸ ਅਤੇ ਹਰਪ੍ਰੀਤ ਸਿੰਘ ਸੰਧੂ, ਐੱਸ. ਪੀ., ਐੱਨ. ਆਰ. ਆਈ. ਪੁਲਸ ਵੀ ਹਾਜ਼ਰ ਸਨ।