arrow

ਹਾਫਿਜ਼ ਨੂੰ ਮਿਲਣ ਵਾਲੇ ਵੈਦਿਕ ਤੋਂ ਪੁੱਛ-ਗਿੱਛ ਕਰੇਗੀ ਐਨ. ਆਈ. ਏ.

ਨਵੀਂ ਦਿੱਲੀ, 17 ਜੁਲਾਈ-

ਪਾਕਿਸਤਾਨ ਜਾ ਕੇ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਨੂੰ ਮਿਲਣ ਵਾਲੇ ਪੱਤਰਕਾਰ ਵੇਦ ਪ੍ਰਤਾਪ ਵੈਦਿਕ 'ਤੇ ਦੋਸ਼ਧ੍ਰੋਹ ਦਾ ਕੇਸ ਦਰਜ ਹੋ ਗਿਆ ਹੈ। ਵਾਰਾਨਸੀ ਦੇ ਮੁਖ ਨਿਆਇਕ ਮੈਜਿਸਟ੍ਰੇਟ ਕੋਰਟ ਵਿਚ ਬੁੱਧਵਾਰ ਨੂੰ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੀ ਸੁਣਵਾਈ 25 ਜੁਲਾਈ ਨੂੰ ਹੋਵੇਗੀ। ਸੂਤਰਾਂ ਦੀ ਮੰਨੀਏ ਤਾਂ ਵੈਦਿਕ ਤੋਂ ਨੈਸ਼ਨਲ ਇੰਟੇਲੀਜੈਂਸ ਏਜੰਸੀ (ਐਨ. ਆਈ. ਏ.) ਪੁੱਛ-ਗਿੱਛ ਕਰ ਸਕਦੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਸਕਦੀ ਹੈ ਕਿ ਉਹ ਹਾਫਿਜ਼ ਸਈਦ ਤੱਕ ਕਿਵੇਂ ਪਹੁੰਚੇ ਅਤੇ ਦੋਹਾਂ ਦਰਮਿਆਨ ਕੀ ਗੱਲ ਹੋਈ। ਉਨ੍ਹਾਂ ਨੂੰ ਜਲਦ ਹੀ ਨੋਟਿਸ ਭੇਜੇ ਜਾਣ ਦੀ ਸੰਭਾਵਨਾ ਹੈ।

ਵੈਦਿਕ ਦੀ ਮੁਲਾਕਾਤ ਕਾਰਨ ਕੇਂਦਰ ਸਰਕਾਰ ਵੀ ਲਪੇਟੇ ਵਿਚ ਆ ਗਈ ਹੈ। ਸੱਤਾਧਾਰੀ ਭਾਜਪਾ ਦੀ ਪੁਰਾਣੀ ਸਹਿਯੋਗੀ ਪਾਰਟੀ ਸ਼ਿਵਸੈਨਾ ਨੇ ਸਾਫ ਕਰ ਦਿੱਤਾ ਹੈ ਕਿ ਇਸ ਮੁੱਦੇ 'ਤੇ ਉਹ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕਰੇਗੀ। ਪਾਰਟੀ ਮੁਖੀ ਊੁਧਵ ਠਾਕਰੇ ਨੇ ਪ੍ਰਧਾਨ ਮੰਤਰੀ ਤੋਂ ਵੈਦਿਕ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਨੂੰ ਅਸੀਂ ਚੁਣਿਆ ਹੈ ਅਤੇ ਦੇਸ਼ ਵਿਰੋਧੀ ਕੰਮ ਕਰਨ ਵਾਲੇ ਵੈਦਿਕ 'ਤੇ ਕਾਨੂੰਨੀ ਸ਼ਿਕੰਜਾ ਕੱਸਣਾ ਹੀ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਵੇਦ ਪ੍ਰਤਾਪ ਵੈਦਿਕ ਯੋਗ ਗੁਰੂ ਬਾਬਾ ਰਾਮਦੇਵ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਰਾਮਦੇਵ ਦੇ ਪ੍ਰਧਾਨ ਮੰਤਰੀ ਨਾਲ ਚੰਗੇ ਸੰਬੰਧ ਹਨ। ਵੈਦਿਕ ਨੇ ਪਿਛਲੇ ਦਿਨੀਂ ਆਪਣੇ ਪਾਕਿਸਤਾਨੀ ਦੌਰੇ ਦੇ ਸਮੇਂ ਅੱਤਵਾਦੀ ਹਾਫਿਜ਼ ਸਈਦ ਨਾਲ ਮੁਲਾਕਾਤ ਕੀਤੀ ਸੀ। ਸੋਸ਼ਲ ਮੀਡੀਆ 'ਤੇ ਇਸ ਦੀ ਤਸਵੀਰ ਆਉਣ ਤੋਂ ਬਾਅਦ ਇਸ 'ਤੇ ਵਿਵਾਦ ਹੋ ਗਿਆ ਹੈ। ਹਾਲਾਂਕਿ ਵੈਦਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਤੌਰ ਪੱਤਰਕਾਰ ਸਈਦ ਨਾਲ ਮੁਲਾਕਾਤ ਕੀਤੀ।