arrow

ਹਰਿਆਣਾ ਦੀ ਵੱਖਰੀ ਕਮੇਟੀ ਦਾ ਮਾਮਲਾ ਭਖਿਆ, ਬਾਦਲ ਦੇ ਦਿੱਲੀ ਡੇਰੇ

ਨਵੀਂ ਦਿੱਲੀ , 16 ਜੁਲਾਈ-

ਹਰਿਆਣਾ ਵਿਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਆਰ-ਪਾਰ ਦੀ ਲੜਾਈ 'ਤੇ ਉੱਤਰਦਾ ਜਾਪ ਰਿਹਾ ਹੈ। ਇਸ ਕਮੇਟੀ ਦੇ ਗਠਨ ਨੂੰ ਰੋਕਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਅਤੇ ਸੁਖਦੇਵ ਸਿੰਘ ਢੀਂਡਸਾ ਬਲਵਿੰਦਰ ਸਿੰਘ ਭੂੰਦੜ ਸਮੇਤ ਦਿੱਲੀ ਵਿਚ ਡੇਰਾ ਲਗਾ ਕੇ ਬੈਠ ਗਏ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਆਗੂਆਂ ਸਮੇਤ ਜਲਦ ਹੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਇਸ ਮਾਮਲੇ 'ਤੇ ਮੁਲਾਕਾਤ ਕਰਨ ਵਾਲੇ ਹਨ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਵਿਚ ਨਵੀਂ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਗ੍ਰਹਿ ਮੰਤਰਾਲੇ ਦੇ ਜ਼ਰੀਏ ਰੋਕਣ ਦੀ ਸਿਆਸਤ ਵਿਚ ਜੁਟ ਗਏ ਹਨ। ਹਰਿਆਣਾ ਵਿਧਾਨ ਸਭਾ ਨੇ 11 ਜੁਲਾਈ ਨੂੰ ਇਕ ਬਿੱਲ ਪਾਸ ਕਰਕੇ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਬਿੱਲ ਨੂੰ ਰਾਜਪਾਲ ਦੀ ਵੀ ਮਨਜ਼ੂਰੀ ਮਿਲ ਚੁੱਕੀ ਹੈ। ਗ੍ਰਹਿ ਮੰਤਰਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਂਦਾ ਹੈ ਲਿਹਾਜ਼ਾ ਗ੍ਰਹਿ ਮੰਤਰਾਲੇ ਦੀ ਇਸ ਮਾਮਲੇ ਵਿਚ ਅਹਿਮ ਭੂਮਿਕਾ ਹੈ।

ਇਸ ਕਾਰਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਗ੍ਰਹਿ ਮੰਤਰਾਲੇ ਜ਼ਰੀਏ ਨਵੀਂ ਕਮੇਟੀ ਦੇ ਗਠਨ ਨੂੰ ਰੋਕਣ ਦਾ ਆਖਰੀ ਰਸਤਾ ਅਪਨਾ ਰਹੇ ਹਨ। ਇਸ ਵਿਚਕਾਰ ਐਸ.ਜੀ.ਪੀ.ਸੀ. ਵੀ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ ਅਤੇ ਹਰਿਆਣਾ ਵਿਚ ਵੱਖਰੀ ਕਮੇਟੀ ਦੇ ਗਠਨ ਨੂੰ ਰੋਕਣ ਲਈ ਧਾਰਮਿਕ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਕੋਸ਼ਿਸ਼ਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।