arrow

ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਕਾਰਣ ਰੁਲ ਰਿਹਾ ਬੱਚਿਆਂ ਦਾ ਭਵਿੱਖ

ਉੜਾਪੜ/ਲਸਾੜਾ, 16 ਜੁਲਾਈ-

ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਸਿਆਣਿਆਂ ਦਾ ਵੀ ਕਥਨ ਹੈ ਕਿ ਵਿਦਿਆ ਤੋਂ ਬਿਨ੍ਹਾਂ ਮਨੁੱਖ ਅੰਨਾ ਹੈ। ਸਰਕਾਰਾਂ ਵੱਲੋਂ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਇਸਨੂੰ ਸਮੇਂ ਦੀ ਹਾਣ ਦਾ ਬਣਾਉਣ ਲਈ ਨਵੀਆਂ-ਨਵੀਆਂ ਨੀਤੀਆਂ ਅਤੇ ਤਜਰਬੇ ਕੀਤੇ ਜਾਂਦੇ ਹਨ।

ਪਰ ਪੰਜਾਬ ਦੇ ਬਹੁਤੇ ਸਰਕਾਰੀ ਪ੍ਰਾਈਮਰੀ, ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਮੌਜੂਦਾ ਸਥਿੱਤੀ ਤਸੱਲੀ ਬਖਸ਼ ਨਹੀਂ। ਸਾਰੇ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਕਾਰਨ ਇੰਨ੍ਹਾਂ ਸਕੂਲਾਂ ਵਿੱਚ ਪੜਦੇ ਬੱਚਿਆਂ ਦੇ ਭਵਿੱਖ ਤੇ ਜੋ ਕਾਲੇ ਬੱਦਲ ਛਾਏ ਹੋਏ ਹਨ ਉਹਨੂੰ ਦੇਖਕੇ ਮਾਪਿਆਂ ਦਾ ਚਿੰਤਤ ਹੋਣਾ ਕੁਦਰਤੀ ਹੈ। ਭਾਵੇਂ ਸਕੂਲਾਂ ਦੀਆਂ ਇਮਾਰਤਾਂ ਪੰਜਾਬ ਸਰਕਾਰ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਮਿਲੀਆਂ ਗਰਾਂਟਾਂ ਕਾਰਨ ਲੋੜ ਤੋਂ ਵੱਧ ਮਹਿਸੂਸ ਹੁੰਦੀਆਂ ਹਨ ਪਰ ਇਸ ਸਮੇਂ ਸਰਕਾਰ ਲਈ ਸਭ ਤੋਂ ਮਹੱਤਵਪੂਰਨ ਮਸਲਾ ਅਧਿਆਪਕਾਂ ਦੀ ਘਾਟ ਨੂੰ ਪੂਰੀ ਕਰਨ ਦਾ ਹੈ।

ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਰਹੀ ਹੈ। ਜਦੋਂ ਪਿੰਡਾਂ ਦੀਆਂ ਪੰਚਾਇਤਾਂ ਜਾਂ ਪ੍ਰਬੰਧਕ ਕਮੇਟੀਆਂ ਸਿੱਖਿਆ ਵਿਭਾਗ ਤੋਂ ਅਧਿਆਪਕਾਂ ਦੀ ਮੰਗ ਕਰਦੀਆਂ ਹਨ ਤਾਂ ਵਿਭਾਗ ਦਾ ਉੱਤਰ ਹੁੰਦਾ ਹੈ ਪਹਿਲਾਂ ਬੱਚਿਆਂ ਦੀ ਗਿਣਤੀ ਵਧਾਓ ਫਿਰ ਅਧਿਆਪਕ ਦੇਵਾਂਗੇ। ਇਸਦੇ ਉਲਟ ਲੋਕ ਇਹ ਤਰਕ ਦਿੰਦੇ ਹਨ ਕਿ ਜਦੋਂ ਸਕੂਲਾਂ 'ਚ ਅਧਿਆਪਕ ਹੀ ਨਹੀਂ ਤਾਂ ਆਪਣੇ ਬੱਚਿਆਂ ਦਾ ਭਵਿੱਖ ਇਨ੍ਹਾਂ ਸਕੂਲਾਂ ਵਿੱਚ ਕਿਉਂ ਖਰਾਬ ਕਰਨਾ ਬਹੁਤੇ ਸਕੂਲਾਂ ਵਿੱਚ ਸਾਇੰਸ ਅਤੇ ਹਿਸਾਬ ਵਰਗੇ ਮਹੱਤਵਪੂਰਨ ਵਿਸ਼ਿਆਂ ਦੀਆਂ ਅਸਾਮੀਆਂ ਹੀ ਖਾਲੀ ਹਨ। ਜਿਹੜੇ ਸਕੂਲਾਂ ਵਿੱਚ ਸਾਇੰਸ ਅਤੇ ਹਿਸਾਬ ਦੇ ਅਧਿਆਪਕ ਹੀ ਨਹੀਂ ਉੱਥੇ ਪੜਨ ਕੇ ਉਹ ਇੰਜਨੀਅਰ ਅਤੇ ਸਾਂਇਸਦਾਨ ਕਿਵੇਂ ਬਣਨਗੇ।

ਪੰਜਾਬੀ ਅਤੇ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਹੀ ਮਜਬੂਰੀ ਵੱਸ ਇਹ ਵਿਸ਼ੇ ਪੜਾਉਣੇ ਪੈ ਰਹੇ ਹਨ। ਕੁੱਝ ਪਿੰਡਾਂ ਦੀਆਂ ਪੰਚਾਇਤਾਂ ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਆਪਣੇ ਪੱਧਰ ਤੇ ਹੀ ਪ੍ਰਾਈਵੇਟ ਅਧਿਆਪਕ ਰੱਖੇ ਹੋਏ ਹਨ ਜਿਹਨਾਂ ਦੀਆਂ ਤਨਖਾਹਾਂ ਵੀ ਕਈ ਵਾਰ ਪਿੰਡ ਦੇ ਲੋਕਾਂ ਜਾਂ ਦਾਨੀ ਸੱਜਣਾਂ ਤੋਂ ਮਦਦ ਲੈ ਕੇ ਦੇਣੀਆਂ ਪੈਂਦੀਆਂ ਹਨ। ਸਕੂਲਾਂ ਵਿੱਚ ਮੌਜੂਦ ਅਧਿਆਪਕ ਆਪਣੇ ਵਿਸ਼ੇ ਤੋਂ ਵਾਧੂ ਔਖੇ ਵਿਸ਼ੇ ਪੜਾਉਣ ਕਾਰਨ ਅਕਸਰ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਰਹਿੰਦੇ ਹਨ।

ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਸਫਾਈ ਸੇਵਕ ਦੀ ਅਸਾਮੀ ਨਾ ਹੋਣ ਕਾਰਨ ਅਕਸਰ ਬੱਚਿਆਂ ਵਲੋਂ ਹਰ ਰੋਜ ਹੀ ਸਕੂਲ ਦੀ ਸਫਾਈ ਕੀਤੀ ਜਾਂਦੀ ਹੈ। ਜਦੋਂ ਕਿ ਆਰ. ਟੀ. ਆਈ ਐਕਟ ਅਧੀਨ ਬੱਚਿਆਂ ਤੋਂ ਪੜਾਈ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕਰਵਾਇਆ ਜਾ ਸਕਦਾ। ਸਕੂਲਾਂ ਵਿੱਚ ਸਰਕਾਰ ਵਲੋਂ ਕੰਪਿਊਟਰ ਲੈਬਾਂ ਤਾਂ ਬਣਾ ਦਿੱਤੀਆਂ ਗਈਆਂ ਹਨ ਪਰ ਚੋਂਕੀਦਾਰ ਦੀ ਅਸਾਮੀ ਨਾ ਹੋਣ ਕਾਰਨ ਰਾਤਾਂ ਨੂੰ ਅਕਸਰ ਸਕੂਲਾਂ ਵਿੱਚ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਲੋਕਾਂ ਅਤੇ ਉਨ੍ਹਾਂ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਉਜਲ ਭਵਿੱਖ ਲਈ ਇਨ੍ਹਾਂ ਸਮੱਸਿਆਵਾਂ ਵੱਲ ਜਰੂਰ ਤਵੱਜੋਂ ਦੇਣੀ ਚਾਹੀਦੀ ਹੈ।

ਜਦੋਂ ਇਸ ਬਾਰੇ ਜਿਲ੍ਹਾ ਸਿੱਖਿਆ ਅਫਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਬਾਰੇ ਸਿੱਖਿਆ ਵਿਭਾਗ ਅਤੇ ਸਰਕਾਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।