arrow

ਇਹ ਕੀ, ਬਜਟ ਦੌਰਾਨ ਕਿੱਥੇ ਚਲੇ ਗਏ ਬਾਦਲ ਸਾਹਿਬ!

ਚੰਡੀਗੜ੍ਹ , 16 ਜੁਲਾਈ-

ਬੁੱਧਵਾਰ ਨੂੰ ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਪੇਸ਼ ਕੀਤੇ ਗਏ ਸਾਲ 2014-15 ਦੇ ਬਜਟ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਦਨ 'ਚੋਂ ਗੈਰ ਹਾਜ਼ਰ ਰਹੇ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਨੂੰ ਲੈ ਕੇ ਦਿੱਲੀ 'ਚ ਪੁੱਜ ਗਏ ਅਤੇ ਗ੍ਰਹਿ ਮੰਤਰਾਲੇ ਰਾਹੀਂ ਇਸ ਕਮੇਟੀ ਦੇ ਗਠਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਹਰਿਆਣਾ ਦੀ ਵਿਧਾਨ ਸਭਾ ਵਲੋਂ 11 ਜੁਲਾਈ ਨੂੰ ਇਸ ਸੰਬੰਧੀ ਇਕ ਬਿੱਲ ਪਾਸ ਕੀਤਾ ਗਿਆ ਸੀ ਅਤੇ ਇਸ ਬਿੱਲ ਨੂੰ ਹਰਿਆਣਾ ਦੇ ਰਾਜਪਾਲ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਰਾਤ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਦੌਰਾਨ ਕਿਹਾ ਕਿ ਉਹ ਆਪਣੇ ਮੁੱਖ ਮੰਤਰੀ ਰਹਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਹਿੱਸੇ ਨਹੀਂ ਹੋਣ ਦੇਣਗੇ। ਮੁੱਖ ਮੰਤਰੀ ਨੇ ਹਰਿਆਣਾ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਨੂੰ ਸਾਕ ਦਾ ਸਵਾਲ ਬਣਾ ਲਿਆ ਹੈ ਅਤੇ ਇਹੀ ਕਾਰਨ ਰਿਹਾ ਹੈ ਕਿ ਸੂਬੇ ਦੇ ਬਜਟ ਵਰਗੇ ਅਹਿਮ ਕੰਮ ਦੌਰਾਨ ਵੀ ਮੁੱਖ ਮੰਤਰੀ ਸਦਨ 'ਚੋਂ ਗੈਰ ਹਾਜਰ ਹੋ ਗਏ।