arrow

ਪਾਕਿ 'ਚ ਜੈੱਟਾਂ ਤੇ ਅਮਰੀਕੀ ਡਰੋਨ ਹਮਲਿਆਂ 'ਚ 55 ਅੱਤਵਾਦੀ ਹਲਾਕ

ਇਸਲਾਮਾਬਾਦ, 16 ਜੁਲਾਈ-

ਪਾਕਿਸਤਨ ਦੀ ਫ਼ੌਜ ਨੇ ਉੱਤਰੀ ਵਜ਼ੀਰਸਤਾਨ ਕਬਾਇਲੀ ਖੇਤਰ 'ਚੋਂ ਦੌੜ ਰਹੇ 35 ਤਾਲਿਬਾਨ ਅੱਤਵਾਦੀਆਂ ਨੂੰ ਹਵਾਈ ਹਮਲੇ ਕਰ ਕੇ ਮਾਰ ਦਿੱਤਾ ਜਦੋਂ ਕਿ ਅਮਰੀਕੀ ਡਰੋਨਾਂ ਦੇ ਹਮਲੇ '20 ਅੱਤਵਾਦੀ ਮਾਰੇ ਗਏ ਹਨ। ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਸ਼ਵਾਲ ਵਾਦੀ 'ਚੋਂ ਦੌੜ ਰਹੇ 35 ਅੱਤਵਾਦੀਆਂ ਨੂੰ ਪਾਕਿ ਸੈਨਾ ਦੇ ਜੈੱਟਾਂ ਨੇ ਹਮਲੇ ਕਰ ਕੇ ਮਾਰ ਦਿੱਤਾ ਅਤੇ ਅਮਰੀਕੀ ਡਰੋਨਾਂ ਨੇ ਦਾਤਾ ਖੇਲ ਇਲਾਕੇ '20 ਅੱਤਵਾਦੀਆਂ ਨੂੰ ਮਾਰ ਮੁਕਾਇਆ।

ਪਾਕਿਸਤਾਨ ਨੇ ਬੀਤੇ ਮਹੀਨੇ ਸਥਾਨਿਕ ਅਤੇ ਵਿਦੇਸ਼ੀ ਅੱਤਵਾਦੀਆਂ ਨੂੰ ਉੱਤਰੀ ਵਜ਼ੀਰਸਤਾਨ 'ਚੋਂ ਖਤਮ ਕਰ ਦੇਣ ਲਈ 'ਜ਼ਰਬ-ਏ-ਅਜ਼ਬ' ਮੁਹਿੰਮ ਸ਼ੁਰੂ ਕੀਤੀ ਸੀ। ਕੱਲ੍ਹ ਜ਼ਿਲ੍ਹੇ ਦੇ ਮੀਰਾਲੀ ਖੇਤਰ 'ਚ ਹੋਈਆਂ ਝੜਪਾਂ ਕਾਰਨ 5 ਸੈਨਿਕ ਅਤੇ 11 ਅੱਤਵਾਦੀ ਮਾਰੇ ਗਏ ਸਨ। ਹੁਣ ਤੱਕ ਇਥੇ 480 ਤੋਂ ਵੀ ਵੱਧ ਅੱਤਵਾਦੀ ਮਾਰੇ ਜਾ ਚੁੱਕੇ ਹਨ। ਇਸੇ ਦੌਰਾਨ ਅਫਗਾਨਿਸਤਾਨ 'ਚ ਕਬਾਇਲੀ ਖੇਤਰ ਬਜੌਰ ਨਾਲ ਲਗਦੀ ਸਰਹੱਦ 'ਤੇ 5 ਪਿੰਡਾਂ ਵਿਚੋਂ ਹਜ਼ਾਰਾਂ ਲੋਕ ਹਿਜ਼ਰਤ ਕਰ ਗਏ ਹਨ।

ਸਰਕਾਰ ਨੇ ਅੱਤਵਾਦੀਆਂ ਨੂੰ ਮੰਗਲਵਾਰ ਤੱਕ ਮਾਮੋਂਦ ਸਬ ਡਿਵੀਜ਼ਨ ਦੇ ਸਰਹੱਦੀ ਪਿੰਡਾਂ 'ਚੋਂ ਨਿਕਲ ਜਾਣ ਦੀ ਚਿਤਾਵਨੀ ਦਿੱਤੀ ਸੀ। ਸੁਰੱਖਿਆ ਦਸਤਿਆਂ ਵੱਲੋਂ ਨਖਤਰ, ਘਾਖੀ, ਮੁਲਾ ਕਿੱਲੀ, ਗੋਹਟੀ ਅਤੇ ਕਿਟਕੂਟ ਸਰਹੱਦੀ ਪਿੰਡਾਂ 'ਚੋਂ ਅਫਗਾਨਿਸਤਾਨ ਤੋਂ ਆਏ ਅੱਤਵਾਦੀਆਂ ਦੇ ਸਫਾਏ ਲਈ ਆਪਣੀ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਇਥੋਂ 20000 ਲੋਕ ਹਿਜ਼ਰਤ ਕਰ ਗਏ ਹਨ। ਬੀਤੇ ਹਫਤੇ ਅਫਗਾਨਿਸਤਾਨ ਤੋਂ ਆਏ ਅੱਤਵਾਦੀਆਂ ਨੇ ਹਮਲਾ ਕਰ ਕਰਕੇ ਇਕ ਅਫਸਰ ਸਮੇਤ 3 ਸੈਨਿਕਾਂ ਨੂੰ ਮਾਰ ਦਿੱਤਾ ਸੀ ਅਤੇ ਮੁੜ੍ਹ ਅਫਗਾਨਿਸਤਾਨ ਦੌੜ ਗਏ ਸਨ।