arrow

ਪਾਕਿ ਗੋਲੀਬਾਰੀ ਵਿਚ ਬੀ. ਐਸ. ਐਫ. ਜਵਾਨ ਸ਼ਹੀਦ-5 ਜ਼ਖ਼ਮੀ

ਜੰਮੂ, 16 ਜੁਲਾਈ-

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਅੱਜ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਪਾਕਿ ਰੇਂਜਰਾਂ ਨੇ ਜੰਮੂ ਜ਼ਿਲੇ ਵਿਚ ਕੌਮਾਂਤਰੀ ਸਰਹੱਦ ਨਾਲ ਲੱਗੀਆਂ ਭਾਰਤੀ ਚੌਕੀਆਂ 'ਤੇ ਜ਼ੋਰਦਾਰ ਗੋਲੀਬਾਰੀ ਕੀਤੀ ਹੈ। ਇਸ ਵਿਚ ਬੀ. ਐਸ. ਐਫ. ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ ਜਦ ਕਿ 3 ਹੋਰ ਜ਼ਖ਼ਮੀ ਹੋ ਗਏ ਹਨ।

ਬੀ. ਐਸ. ਐਫ. ਦੇ ਅਧਿਕਾਰੀ ਨੇ ਦਸਿਆ ਕਿ ਪਾਕਿ ਰੇਂਜਰਾਂ ਨੇ ਜੰਮੂ ਦੇ ਆਰ ਐਸ ਪੁਰਾ ਜ਼ਿਲੇ ਵਿਚ ਅਰਨੀਆ ਦੇ ਸਰਹੱਦੀ ਇਲਾਕੇ ਵਿਚ ਪੀਤਲ ਚੌਕੀ 'ਤੇ ਬਿਨਾਂ ਭੜਕਾਹਟ ਦੇ ਜ਼ੋਰਦਾਰ ਗੋਲੀਬਾਰੀ ਕੀਤੀ। ਗੋਲੀਬਾਰੀ 11.15 'ਤੇ ਸ਼ੁਰੂ ਹੋਈ ਜੋ ਕਿ 11.30 ਤੱਕ ਜਾਰੀ ਰਹੀ। ਬੀ. ਐਸ. ਐਫ. ਜਵਾਨਾਂ ਨੇ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਮੂਹ ਤੋੜ ਜਵਾਬ ਦਿੱਤਾ। ਜ਼ਖ਼ਮੀ ਜਵਾਨਾਂ ਨੂੰ ਜੰਮੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੀ. ਐਸ. ਐਫ. ਦੇ ਅਧਿਕਾਰੀ ਨੇ ਦਸਿਆ ਕਿ ਪਾਕਿ ਰੇਂਜਰਾਂ ਨੇ ਨਾ ਕੇਵਲ ਜੰਗਬੰਦੀ ਦੀ ਉਲੰਘਣਾ ਕੀਤੀ ਸਗੋਂ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ ਹੈ।

ਇਸ ਮਹੀਨੇ ਵਿਚ ਹੁਣ ਤੱਕ ਪਾਕਿਸਤਾਨ ਨੇ 3 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਦਸਣਯੋਗ ਹੈ ਕਿ ਇਕ ਜੁਲਾਈ ਨੂੰ ਪੁਣਛ ਜ਼ਿਲੇ ਦੇ ਮੇਂਢਰ ਸੈਕਟਰ ਵਿਚ ਪਾਕਿ ਸੈਨਿਕਾਂ ਨੇ ਸਵੈਚਾਲਿਤ ਅਤੇ ਛੋਟੇ ਹਥਿਆਰਾਂ ਨਾਲ ਭਾਰਤੀ ਸਰਹੱਦੀ ਚੌਕੀਆਂ 'ਤੇ ਗੋਲੀਬਾਰੀ ਕੀਤੀ ਸੀ। ਇਸ ਤੋਂ ਪਹਿਲਾਂ ਜੂਨ ਵਿਚ ਵੀ ਪਾਕਿਸਤਾਨ ਨੇ ਪੰਜ ਵਾਰ ਕੌਮਾਂਤਰੀ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ।