arrow

ਜੰਗਬੰਦੀ ਦੀ ਯੋਜਨਾ ਅਸਫ਼ਲ, ਇਸਰਾਈਲ ਨੇ ਗਾਜ਼ਾ 'ਤੇ ਸ਼ੁਰੂ ਕੀਤੇ ਹਵਾਈ ਹਮਲੇ

ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ

ਯੋਰੋਸ਼ਲਮ, 16 ਜੁਲਾਈ-

ਪੱਛਮੀ ਏਸ਼ੀਆ 'ਚ ਮੌਜੂਦਾ ਸੰਘਰਸ਼ ਨੂੰ ਰੋਕਣ ਦੇ ਟੀਚੇ ਨਾਲ ਮਿਸਰ ਵਲੋਂ ਪ੍ਰਸਤਾਵਿਤ ਜੰਗਬੰਦੀ ਦੀ ਯੋਜਨਾ ਅਸਫ਼ਲ ਰਹਿਣ ਤੋਂ ਬਾਅਦ ਇਸਰਾਈਲ ਨੇ ਅੱਜ ਫਿਰ ਗਾਜ਼ਾ ਪੱਟੀ 'ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਗਾਜ਼ਾ 'ਤੇ 9 ਦਿਨਾਂ ਤੋਂ ਜਾਰੀ ਹਮਲਿਆਂ 'ਚ ਹੁਣ ਤੱਕ 200 ਤੋਂ ਵੱਧ ਫਲਸਤੀਨੀ ਮਾਰੇ ਗਏ ਹਨ ਤੇ ਹਮਾਸ ਨੇ ਵੀ ਇਸਰਾਈਲ 'ਤੇ ਰਾਕਟ ਹਮਲੇ ਜਾਰੀ ਰੱਖੇ ਹਨ।

ਇਸਰਾਈਲੀ ਫ਼ੌਜ ਨੇ ਟਵਿੱਟਰ 'ਤੇ ਇਕ ਬਿਆਨ 'ਚ ਕਿਹਾ ਕਿ ਹਮਾਸ ਨੇ ਅੱਜ ਸਵੇਰੇ ਗਾਜ਼ਾ 'ਚ ਸਾਡੇ ਵਲੋਂ ਹਮਲੇ ਰੋਕੇ ਜਾਣ ਤੋਂ ਬਾਅਦ 47 ਰਾਕਟ ਦਾਗੇ ਹਨ, ਜਿਸ ਕਾਰਨ ਅਸੀਂ ਹਮਾਸ ਖ਼ਿਲਾਫ਼ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ। ਇਕ ਇਸਰਾਈਲੀ ਅਧਿਕਾਰੀ ਨੇ ਕਿਹਾ ਕਿ ਹਮਾਸ ਤੇ ਇਸਲਾਮਿਕ ਜੇਹਾਦ ਵਲੋਂ ਜੰਗਬੰਦੀ ਦਾ ਮਿਸਰ ਦਾ ਪ੍ਰਸਤਾਵ ਖਾਰਜ ਕਰਨ ਤੇ ਇਸਰਾਈਲ 'ਤੇ ਦਰਜਨਾਂ ਰਾਕਟ ਦਾਗਣ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਨੇ ਆਈ.ਡੀ.ਐਫ. ਨੂੰ ਗਾਜ਼ਾ 'ਚ ਅੱਤਵਾਦੀ ਨਿਸ਼ਾਨਿਆਂ ਖ਼ਿਲਾਫ਼ ਪੂਰੀ ਤਾਕਤ ਨਾਲ ਕਾਰਵਾਈ ਦੇ ਹੁਕਮ ਦਿੱਤੇ।