arrow

ਵਿਸ਼ਵ ਬੈਂਕ ਸੈਰ ਸਪਾਟੇ ਲਈ ਫੰਡ ਮੁਹੱਈਆ ਕਰਾਏਗੀ

ਚੰਡੀਗੜ੍ਹ, 15 ਜੁਲਾਈ-

ਸੈਰ ਸਪਾਟਾ ਦੇ ਖੇਤਰ ਵਿੱਚ ਪੰਜਾਬ ਨੂੰ ਕੌਮਾਂਤਰੀ ਨਕਸ਼ੇ 'ਤੇ ਉਭਾਰਨ ਦੇ ਮੰਤਵ ਨਾਲ ਵਿਸ਼ਵ ਬੈਂਕ ਨੇ ਅੱਜ ਸੂਬੇ ਵਿੱਚ ਧਾਰਮਿਕ, ਵਿਰਾਸਤੀ, ਸਿਹਤ ਅਤੇ ਸਭਿਆਚਾਰਕ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਵਾਲੇ ਪ੍ਰਾਜੈਕਟਾਂ ਲਈ ਫੰਡ ਦੇਣ ਦੀ ਪੇਸ਼ਕਸ਼ ਕਰਦਿਆਂ ਸੂਬਾ ਸਰਕਾਰ ਨੂੰ ਇਸ ਸਬੰਧ ਵਿੱਚ ਰੂਪ ਰੇਖਾ ਤਿਆਰ ਕਰਨ ਲਈ ਆਖਿਆ।

ਅੱਜ ਸਵੇਰੇ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਵਿਸ਼ਵ ਬੈਂਕ ਦੇ ਦੇਸ਼ ਦੇ ਡਾਇਰੈਕਟਰ ਸ਼੍ਰੀ ਓਨੋ ਰੂਹਲ ਦੀ ਅਗਵਾਈ ਵਿੱਚ ਚਾਰ ਮੈਂਬਰੀ ਟੀਮ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਸੈਰ ਸਪਾਟੇ ਨੂੰ ਹੁਲਾਰਾ ਦੇਣ ਦੀਆਂ ਸੰਭਾਵਨਾਵਾਂ 'ਤੇ ਵਿਚਾਰ ਚਰਚਾ ਕੀਤੀ।

 ਮੀਟਿੰਗ ਦੌਰਾਨ ਸ਼੍ਰੀ ਰੂਹਲ ਨੇ ਆਖਿਆ ਕਿ ਉਹ ਪਾਕਿਸਤਾਨੀ ਪੰਜਾਬ ਨੂੰ ਵੀ ਅਜਿਹੀ ਹੀ ਪੇਸ਼ਕਸ਼ ਕਰ ਚੁੱਕੇ ਹਨ ਤਾਂ ਕਿ ਉਥੇ    ਸੈਰ ਸਪਾਟੇ ਨੂੰ ਉਤਸ਼ਾਹਤ ਕੀਤਾ ਜਾ ਸਕੇ ਅਤੇ ਹੁਣ ਭਾਰਤੀ ਪੰਜਾਬ ਨੂੰ ਵੀ ਸੈਰ ਸਪਾਟੇ ਦੇ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਸੱਦਾ ਦਿੱਤਾ ਗਿਆ ਹੈ ਕਿਉਂਕਿ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਸਭਿਆਚਾਰਕ ਅਤੇ ਵਿਰਾਸਤੀ ਸਾਂਝ ਦੀ ਗੂੜ੍ਹੀ ਹੈ। ਸ਼੍ਰੀ ਰੂਹਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਰਾਹੀਂ ਵਿਕਸਤ ਕੀਤੇ ਜਾਣ ਵਾਲੇ ਵੱਖ ਵੱਖ ਪੂਰਵ ਪ੍ਰਾਜੈਕਟਾਂ ਬਾਰੇ ਵਿਸਥਾਰਤ ਤਜਵੀਜ਼ ਭੇਜੀ ਜਾਵੇ ਜਿਸ ਲਈ ਬੈਂਕ ਪਾਸੋਂ ਇਹ ਪ੍ਰਾਜੈਕਟ ਹਾਸਲ ਕਰਨ ਲਈ ਤਕਨੀਕੀ ਤੌਰ 'ਤੇ ਅਗਾਊਂ ਪ੍ਰਵਾਨਗੀ ਲੈਣੀ ਪਵੇਗੀ।

ਉਨ੍ਹਾਂ ਨੇ ਭਾਰਤ ਸਰਕਾਰ ਅਤੇ ਪਾਕਿਸਤਾਨ ਵਲੋਂ ਦੁਵੱਲੀ ਪਹਿਲਕਦਮੀ ਦੇ ਰਾਹੀਂ ਡੇਰਾਬਾਬਾ ਨਾਨਕ-ਕਰਤਾਰਪੁਰ ਗਲਿਆਰਾ ਖੋਲ੍ਹਣ ਸਬੰਧੀ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਜਿਹੀਆਂ ਪਹਿਲਕਦਮੀਆਂ ਇਸ ਉਪ ਮਹਾਂਦੀਪ ਵਿੱਚ ਸੈਰ ਸਪਾਟੇ ਨੂੰ ਬੜ੍ਹਾਵਾ ਦੇਣ ਲਈ ਸਹਾਈ ਹੋਣਗੀਆਂ ਕਿਉਂਕਿ ਭਾਰਤ ਅਤੇ ਪਾਕਿਸਤਾਨੀ ਪੰਜਾਬ ਦੇ ਲੋਕਾਂ ਦੀਆਂ ਭਾਸ਼ਾ ਅਤੇ ਬੋਲੀ ਦੇ ਸਬੰਧ ਵਿੱਚ ਤੰਦਾਂ ਜੁੜੀਆਂ ਹੋਈਆਂ ਹਨ।  ਉਨ੍ਹਾਂ ਅੱਗੇ ਕਿਹਾ ਕਿ ਇਹ ਇਸ ਖਿੱਤੇ ਵਿੱਚ ਸੈਰ ਸਪਾਟੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਲਈ ਹੋਰ ਜ਼ਿਆਦਾ ਤਾਲਮੇਲ ਅਤੇ ਇੱਕਸੁਰਤਾ ਪੈਦਾ ਕਰਨਗੀਆਂ।

ਪੰਜਾਬ ਦੇਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਸੈਕਟਰ ਵਿੱਚ ਸੁਧਾਰ ਲਿਆਉਣ ਵਾਲੇ ਪ੍ਰੋਗਰਾਮ (ਪੀ.ਆਰ.ਡਬਲਿਯੂ.ਐਸ.ਐਸ.) ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰੂਹਲ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਨੂੰ 2200 ਕਰੋੜ ਰੁਪਏ ਦੇ ਪੀ.ਆਰ.ਐਸ.ਡਬਲਿਯੂ.ਐਸ. ਪ੍ਰਾਜੈਕਟ ਦੇ ਦੂਜੇ ਪੜਾਅ ਦਾ ਕੰਮ ਮਾਰਚ, 2015 ਦੀ ਥਾਂ ਜਨਵਰੀ, 2015 ਵਿੱਚ ਸ਼ੁਰੂ ਕਰਨ ਦੀ ਆਗਿਆ ਦੇਣ। ਸ. ਬਾਦਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਇਸ ਪ੍ਰਾਜੈਕਟ  ਨੂੰ 1 ਮਈ, 2014 ਨੂੰ ਸ਼੍ਰੀ ਐਸ.ਪੌਡੀਪੀਰੈਡੀ ਦੀ ਅਗਵਾਈ ਵਿੱਚ ਵਿਸ਼ਵ ਬੈਂਕ ਦੀ ਟੀਮ ਦੀ ਸਹਿਮਤੀ ਤੋਂ ਬਾਅਦ ਵਾਸ਼ਿੰਗਟਨ ਦਫ਼ਤਰ ਨੇ ਪ੍ਰਵਾਨਗੀ ਦਿੱਤੀ ਸੀ।

ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਤਕਨੀਕੀ ਸਿਖਲਾਈ ਮੁਹੱਈਆ ਕਰਾਉਣ ਵਾਸਤੇ ਹੁਨਰ ਵਿਕਾਸ ਕੇਂਦਰ ਸਥਾਪਤ ਕਰਨ ਲਈ ਵੀ ਵਿਸ਼ਵ ਬੈਂਕ ਤੋਂ ਤਕਨੀਕੀ ਅਤੇ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਰਾਜ ਵਿੱਚ ਸਦੀ ਪੁਰਾਣੀ ਨਹਿਰੀ ਪ੍ਰਣਾਲੀ ਦੀ ਮੁੜ ਸੁਰਜੀਤੀ ਵਾਸਤੇ ਵੀ ਮਦਦ ਦੀ ਮੰਗ ਕੀਤੀ ਹੈ ਕਿਉਂਕਿ ਰਾਜ ਵਿੱਚ ਨਹਿਰੀ ਪ੍ਰਣਾਲੀ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਇਹ ਨਹਿਰਾਂ ਢੁਕਵੀਂ ਮਾਤਰਾ ਵਿੱਚ ਪਾਣੀ ਨੂੰ ਖੇਤਾਂ ਵਿੱਚ ਪਹੁੰਚਾਉਣ ਵਿੱਚ ਅਸਮਰਥ ਹਨ। ਸ਼੍ਰੀ ਰੂਹਲ ਨੇ ਭਰੋਸਾ ਦਿਵਾਇਆ ਕਿ ਵਿਸ਼ਵ ਬੈਂਕ ਦੇ ਵਿਸ਼ਵ ਪੱਧਰੀ ਮਾਹਿਰ ਸਤੰਬਰ, 2014 ਵਿੱਚ ਪੰਜਾਬ ਦਾ ਦੌਰਾ ਕਰਨਗੇ ਅਤੇ ਉਹ ਇਸ ਗੱਲ 'ਤੇ ਵਿਚਾਰ ਵਟਾਂਦਰਾ ਕਰਨਗੇ ਕਿ ਉਹ ਪੰਜਾਬ ਵਿੱਚ ਖੇਤੀਬਾੜੀ ਅਤੇ ਸਿੰਚਾਈ ਸੈਕਟਰ ਦੇ ਸਬੰਧ ਵਿੱਚ ਵਿਸ਼ਵ ਬੈਂਕ ਕਿਸ ਤਰ੍ਹਾਂ ਦੀ ਮਦਦ ਕਰ ਸਕਦੀ ਹੈ।

ਦਸੰਬਰ, 2014 ਵਿੱਚ ਖਤਮ ਹੋਣ ਵਾਲੇ ਵਿਸ਼ਵ ਸਹਾਇਤਾ ਪ੍ਰਾਪਤ ਦੇਹਾਤੀ ਜਲ ਸਪਲਾਈ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਪ੍ਰਗਤੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੀ ਰੂਹਲ ਨੇ ਨਵੇਂ ਪ੍ਰਾਜੈਕਟਾਂ ਨੂੰ ਐਸ.ਡਬਲਿਯੂ.ਏ.ਪੀ. ਦੇ ਪੁਰਾਣੇ ਪ੍ਰਾਜੈਕਟਾਂ ਦੀ ਤਰਜ ਉਤੇ ਲਾਗੂ ਕਰਨ 'ਤੇ ਜ਼ੋਰ ਦਿੱਤਾ। ਕੰਟਰੀ ਡਾਇਰੈਕਟਰ ਨੇ ਵੀ ਸ. ਬਾਦਲ ਦੀ ਉਸ ਬੇਨਤੀ 'ਤੇ ਸਹਿਮਤੀ ਪ੍ਰਗਟਾਈ ਜਿਸ ਵਿੱਚ ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਆਪਣੇ ਵਸੀਲਿਆਂ ਰਾਹੀਂ ਗਰੀਬ ਪਰਿਵਾਰਾਂ ਦੇ ਲਈ ਲਾਭਪਾਤਰੀ ਯੋਗਦਾਨ ਜਮ੍ਹਾਂ ਕਰਾਉਣ ਦੀ ਗੱਲ ਆਖੀ ਸੀ।

ਇਸੇ ਤਰ੍ਹਾਂ ਹੀ ਸ਼੍ਰੀ ਰੂਹਲ ਨੇ ਜਨਵਰੀ, 2015 ਵਿੱਚ ਨਵਾਂ ਪ੍ਰਾਜੈਕਟ ਸ਼ੁਰੂ ਕਰਨ ਲਈ ਵਿਸ਼ਵ ਬੈਂਕ ਦੇ ਵਾਸ਼ਿੰਗਟਨ ਦਫ਼ਤਰ ਤੋਂ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰਨ ਸਬੰਧੀ ਵੀ ਮੁੱਖ ਮੰਤਰੀ ਦੇ ਸੁਝਾਅ 'ਤੇ ਸਹਿਮਤੀ ਪ੍ਰਗਟਾਈ। ਵਿਸ਼ਵ ਬੈਂਕ ਦੀ ਸਹਿਮਤੀ ਨਾਲ 2200 ਕਰੋੜ ਦੇ ਵਿਸ਼ਵ ਬੈਂਕ ਦੇ ਇੱਕ ਨਵੇਂ ਪ੍ਰਾਜੈਕਟ ਨੂੰ ਵੀ ਅੰਤਮ ਰੂਪ ਦੇ ਦਿੱਤਾ ਹੈ।  ਵਿਸ਼ਵ ਬੈਂਕ ਦੀ ਟੀਮ ਨੇ ਸੇਮ ਵਾਲੇ ਇਲਾਕਿਆਂ ਵਿੱਚ ਵਧੀਆ ਪਖਾਨੇ ਉਸਾਰਨ ਵਾਸਤੇ ਇੱਕ ਹੰਢਣਸਾਰ ਪ੍ਰਭਾਵੀ ਡਿਜ਼ਾਇਨ 'ਤੇ ਵੀ ਸਹਿਮਤੀ ਪ੍ਰਗਟਾਈ।

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰਖੜਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ਼੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਸੈਰ ਸਪਾਟਾ ਸ਼੍ਰੀਮਤੀ ਰਾਜੀ ਪੀ. ਸਿਰੀਵਾਸਤਵਾ ਅਤੇ ਮੁੱਖ ਟੈਕਨੀਕਲ ਕੁਆਰਡੀਨੇਟਰ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਸ਼੍ਰੀ ਐਸ.ਆਰ. ਅਗਰਵਾਲ ਸ਼ਾਮਲ ਸਨ।  ਵਿਸ਼ਵ ਬੈਂਕ ਦੀ ਟੀਮ ਵਿੱਚ ਮੈਨੇਜਰ ਦੇਹਾਤੀ ਵਿਕਾਸ ਦੱਖਣੀ ਏਸ਼ੀਆ ਖੇਤਰ ਸ਼ੋਭਾ ਸ਼ੈਟੀ, ਸੀਨੀਅਰ ਜਲ ਅਤੇ ਸੈਨੀਟੇਸ਼ਨ ਮਾਹਿਰ ਸ਼੍ਰੀ ਸਿਰੀਨਿਵਾਸਾ ਰਾਓ, ਪੌਡੀਰੈਡੀ ਅਤੇ ਦੇਹਾਤੀ ਵਿਕਾਸ ਦੇ ਮਾਹਿਰ ਸ਼੍ਰੀ ਗਿਤਾਂਜਲੀ ਚਤੁਰਵੇਦੀ ਹਾਜ਼ਰ ਸਨ।