arrow

ਨਸ਼ਿਆਂ ਦੀ ਜਾਂਚ ਦਾ ਮੁੱਦਾ ਸੁਪਰੀਮ ਕੋਰਟ ਲਿਜਾਵਾਂਗੇ- ਬਾਜਵਾ

ਚੰਡੀਗੜ੍ਹ , 15 ਜੁਲਾਈ-

ਪੰਜਾਬ ਕਾਂਗਰਸ ਨੇ ਸੂਬੇ 'ਚ ਫੈਲੇ ਨਸ਼ਿਆਂ ਦੇ ਕਾਰੋਬਾਰ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਜਾਣ ਦਾ ਫੈਸਲਾ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਦਾ ਇਹ ਸਟੈਂਡ ਰਿਹਾ ਹੈ ਕਿ ਸੂਬੇ 'ਚ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਦੀ ਜਾਂਚ ਸੀ. ਬੀ. ਆਈ. ਵਲੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਮਾਮਲੇ 'ਚ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ ਪੁੱਤਰ ਦਮਨਵੀਰ ਤੋਂ ਹੋ ਰਹੀ ਪੁੱਛਗਿੱਛ ਤੋਂ ਬਾਅਦ ਕਾਂਗਰਸ ਦਾ ਸਟੈਂਡ ਹੋਰ ਪੁਖਤਾ ਹੋ ਗਿਆ ਹੈ। ਲਿਹਾਜਾ ਪੂਰੇ ਮਾਮਲੇ ਦੀ ਜਾਂਚ ਸੀ. ਬੀ. ਆਈ. ਤੋਂ ਕਰਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਆਦੀ ਨੌਜਵਾਨਾਂ ਅਤੇ ਛੋਟੇ-ਮੋਟੇ ਤਸਕਰਾਂ ਨੂੰ ਫੜ੍ਹ ਕੇ ਖਾਨਾਪੂਰਤੀ ਕਰ ਰਹੀ ਹੈ, ਜਦੋਂ ਕਿ ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਦੀ ਹਾਰ ਤੋਂ ਬਾਅਦ ਪੰਜਾਬ 'ਚ ਵੱਡੇ ਪੱਧਰ 'ਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਸ ਅਧੀਨ ਵੱਡੀ ਗਿਣਤੀ 'ਚ ਨਸ਼ੇੜੀਆਂ ਨੂੰ ਫੜ੍ਹ ਕੇ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਕਰਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਅਧੀਨ ਕਈ ਲੋਕ ਗ੍ਰਿਫਤਾਰ ਵੀ ਕੀਤੇ ਗਏ ਹਨ ਪਰ ਕਾਂਗਰਸ ਇਸ ਪੂਰੀ ਸਰਕਾਰੀ ਕਵਾਇਦ ਨੂੰ ਡਰਾਮੇਬਾਜ਼ੀ ਦੱਸ ਰਹੀ ਹੈ।

ਸੋਕੇ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ- ਬਾਜਵਾ

ਚੰਡੀਗੜ੍ਹ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੋਕੇ ਦੀ ਮਰ ਝੱਲ ਰਹੇ ਸੂਬੇ ਦੇ ਕਿਸਾਨਾਂ ਨੂੰ 5,000 ਰੁਪਿਆ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਮਾਨਸੂਨ ਵਿਚ 'ਚ ਦੇਰੀ ਅਤੇ ਬਿਜਲੀ ਸੰਕਟ ਦੇ ਕਾਰਨ ਸੂਬੇ ਦੇ ਕਿਸਾਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਕੀਤੀ ਜਾਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਕਿਸਾਨ ਡੀਜ਼ਲ ਨਾਲ ਮੋਟਰਾਂ ਚਲਾ ਕੇ ਝੋਨੇ ਦੀ ਫਸਲ ਪਾਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਰਕਾਰ ਨੂੰ ਸੰਕਟ ਦੀ ਇਸ ਘੜੀ 'ਚ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ।

ਪੰਜਾਬ 'ਚ ਇਸ ਸਾਲ ਮਾਨਸੂਨ ਆਮ ਨਾਲੋਂ ਕਾਫੀ ਘੱਟ ਹੈ ਅਤੇ ਸੂਬੇ 'ਚ ਸਿਰਫ ਦੋ ਦਿਨ ਹੀ ਬਰਸਾਤ ਹੋਈ ਹੈ। ਤਾਪਮਾਨ 'ਚ ਲਗਾਤਾਰ ਹੋ ਰਹੇ ਵਾਧੇ ਦੇ ਕਾਰਨ ਬਿਜਲੀ ਸੰਕਟ ਵੀ ਪੈਦਾ ਹੋ ਗਿਆ ਹੈ, ਜਿਸ ਕਾਰਨ ਬਿਜਲੀ ਦਾ ਕੱਟ ਝੱਲ ਰਹੇ ਕਿਸਾਨਾਂ ਨੂੰ ਡੀਜ਼ਲ ਨਾਲ ਮੋਟਰਾਂ ਚਲਾਉਣੀਆਂ ਪੈ ਰਹੀਆਂ ਹਨ। ਕੇਂਦਰ ਸਰਕਾਰ ਵਲੋਂ ਅਜੇ ਤੱਕ ਪੰਜਾਬ ਨੂੰ ਸੋਕਾ ਗ੍ਰਸਤ ਸੂਬਾ ਨਹੀਂ ਐਲਾਨਿਆ ਗਿਆ ਹੈ। ਲਿਹਾਜਾ ਹਾਲ ਦੀ ਘੜੀ ਕੇਂਦਰ ਵਲੋਂ ਇਸ ਮਾਮਲੇ 'ਚ ਕਿਸੇ ਤਰ੍ਹਾਂ ਦੀ ਵਿੱਤੀ ਮਦਦ ਦੀ ਉਮੀਦ ਨਹੀਂ ਹੈ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਮਾਨਸੂਨ ਦੀ ਹਾਲਤ ਸੁਧਰਨ ਦੀ ਸੰਭਾਵਨਾ ਹੈ ਪਰ ਕਾਂਗਰਸ ਇਸ ਮਾਮਲੇ 'ਚ ਖੁਦ ਨੂੰ ਕਿਸਾਨਾਂ ਦੇ ਨਾਲ ਖੜ੍ਹਾ ਦਿਖਾਉਣਾ ਚਾਹ ਰਹੀ ਹੈ।