arrow

...ਤੇ ਹੁਣ ਮੁੜ ਲੈਅ 'ਚ ਪਰਤੇ ਬਾਜਵਾ

ਚੰਡੀਗੜ੍ਹ, 15 ਜੁਲਾਈ-

ਹਾਈਕਮਾਨ ਵਲੋਂ ਸੇਵਜ਼ੋਨ ਮਿਲਣ ਤੋਂ ਬਾਅਦ ਆਖਰਕਾਰ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਪੀ.ਪੀ.ਸੀ.ਸੀ. ਦੀ ਬੈਠਕ ਬੁਲਾਈ ਹੈ। ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਤੁਰੰਤ ਬਾਅਦ ਸਮੀਖਿਆ ਬੈਠਕ ਹੋਣੀ ਚਾਹੀਦੀ ਸੀ ਪਰ ਨਤੀਜਿਆਂ ਦੇ ਨਾਲ ਹੀ ਬਾਜਵਾ ਦੇ ਅਸਤੀਫੇ ਦੀ ਮੰਗ ਤੇਜ਼ ਹੋ ਗਈ। ਅਜਿਹੇ ਮਾਹੌਲ ਵਿਚ ਬੈਠਕ ਬੁਲਾਉਣ ਦੀ ਮੰਗ ਦੇ ਬਾਵਜੂਦ ਬਾਜਵਾ ਟਾਲਦੇ ਰਹੇ। ਆਖਰਕਾਰ ਹਾਈਕਮਾਨ ਤੋਂ ਕੁਰਸੀ ਨੂੰ ਕੋਈ ਖਤਰਾ ਨਾ ਹੋਣ ਦਾ ਸੰਕੇਤ ਮਿਲਣ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਬਾਜਵਾ ਨੇ ਕਾਂਗਰਸ ਭਵਨ 'ਚ ਮੀਟਿੰਗ ਬੁਲਾਈ ਹੈ।

ਇਸ ਸਭ ਦੌਰਾਨ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਮੀਟਿੰਗ ਵਿਚ ਸੂਬਾ ਪ੍ਰਭਾਰੀ ਸ਼ਕੀਲ ਅਹਿਮਦ ਅਤੇ ਸਹਿ ਮੁਖੀ ਹਰੀਸ਼ ਚੋਧਰੀ ਵੀ ਸ਼ਾਮਲ ਹੋ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਆਗੂ ਬਾਜਵਾ ਦੀ ਢਾਲ ਦੇ ਤੌਰ 'ਤੇ ਕੰਮ ਕਰਨਗੇ। ਬਾਜਵਾ ਗੁੱਟ ਦਾ ਮੰਨਣਾ ਹੈ ਕਿ ਰਾਸ਼ਟਰੀ ਆਗੂਆਂ ਦੀ ਮਨਜ਼ੂਰੀ ਦੀ ਮੌਜੂਦਗੀ ਵਿਚ ਬਾਜਵਾ ਵਿਰੋਧੀ ਉਨਾ ਹੰਗਾਮਾ ਨਹੀਂ ਕਰਨਗੇ। ਜੇ ਹੋਇਆ ਵੀ ਤਾਂ ਉਹ ਸੰਭਾਲ ਲੈਣਗੇ। ਕੈਪਟਨ ਅਮਰਿੰਦਰ ਸਿੰਘ ਗੁੱਟ ਚੋਣਾਂ ਤੋਂ ਬਾਅਦ ਹੀ ਬਾਜਵਾ ਨੂੰ ਘੇਰਨ ਦੀ ਤਾਕ ਵਿਚ ਸੀ। ਇਸ ਸਭ ਦੇ ਚੱਲਦੇ ਵਿਰੋਧੀਆਂ ਨੂੰ ਸ਼ਾਂਤ ਕਰਨ ਲਈ ਮੀਟਿੰਗ ਵਿਚ ਸੁਨੀਲ ਜਾਖੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵੈਸੇ ਜਾਖੜ ਨੂੰ ਕੈਪਟਨ ਧਿਰ ਦਾ ਹੀ ਮੰਨਿਆ ਜਾਂਦਾ ਹੈ।