arrow

'ਵੈਦਿਕ, ਹਾਫੀਜ਼ ਮੁਲਾਕਾਤ ਦੀ ਜਾਂਚ ਹੋਵੇ'

ਜੰਮੂ , 15 ਜੁਲਾਈ-

ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਨੇ ਅੱਤਵਾਦੀ ਸਰਗਨਾ ਹਾਫੀਜ਼ ਸਈਦ ਨਾਲ ਪੱਤਰਕਾਰ ਵੇਦ ਪ੍ਰਕਾਸ਼ ਵੈਦਿਕ ਦੀ ਮੁਲਾਕਾਤ ਦੀ ਜਾਂਚ ਕਰਾਉਣ ਦੀ ਮੰਗ ਕਰਦੇ ਹੋਏ ਸ਼ੱਕ ਵਿਅਕਤ ਕੀਤਾ ਹੈ ਕਿ ਇਸ ਦੇ ਪਿੱਛੇ ਕਿਤੇ ਵੱਡੀ ਰਾਜਨੀਤੀ ਤਾਂ ਨਹੀਂ ਹੋ ਰਹੀ ਹੈ ਜਿਸ ਨੂੰ ਦੇਸ਼ ਤੋਂ ਲੁਕਾਇਆ ਜਾ ਰਿਹਾ ਹੈ।

ਕਾਂਗਰਸ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਆਖਿਰ ਵੈਦਿਕ ਕਿਸ ਦੇ ਇਸ਼ਾਰੇ 'ਤੇ ਇਸ ਖਤਰਨਾਕ ਅੱਤਵਾਦੀ ਨਾਲ ਮਿਲਣ ਗਏ ਸਨ। ਉਨ੍ਹਾਂ ਨੇ ਕਿਹਾ ਕਿ ਮੀਡੀਆ 'ਚ ਜੰਮੂ-ਕਸ਼ਮੀਰ ਦੇ ਸੰਬੰਧ 'ਚ ਵੈਦਿਕ ਦਾ ਜੋ ਬਿਆਨ ਆ ਰਿਹਾ ਹੈ ਉਹ ਰਾਜਧਰੋਹ ਦੇ ਤਹਿਤ ਆਉਂਦਾ ਹੈ ਇਸ ਲਈ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਸ਼ਰਮਾ ਨੇ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਰਿਸ਼ਤਿਆਂ ਨੂੰ ਲੈ ਕੇ ਚਰਚਾ 'ਚ ਰਹੇ ਵੈਦਿਕ ਦੀ ਮੁਲਾਕਾਤ ਆਮ ਨਹੀਂ ਹੈ। ਸੰਘ ਦੀ ਵਿਚਾਰਧਾਰਾ ਨੂੰ ਦੇਖਦੇ ਹੋਏ ਇਸ ਗੱਲ ਦਾ ਸ਼ੱਕ ਪੈਦਾ ਹੁੰਦਾ ਹੈ ਕਿ ਇਸ ਮੁਲਾਕਾਤ ਦੇ ਤਾਰ ਕਿਤੇ ਹੋਰ ਤਾਂ ਨਹੀਂ ਜੁੜੇ ਹਨ ਜਿਸ ਨੂੰ ਦੇਸ਼ ਤੋਂ ਲੁਕਾਇਆ ਜਾ ਰਿਹਾ ਹੈ। ਇਸ ਨਾਲ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਦੇਸ਼ ਨਾਲ ਕੋਈ ਵੱਡੀ ਰਾਜਨੀਤੀ ਤਾਂ ਨਹੀਂ ਹੋ ਰਹੀ ਹੈ।

ਮੈਂ ਆਰ. ਐੱਸ. ਐੱਸ. ਦਾ ਕਦੇ ਮੈਂਬਰ ਨਹੀਂ ਰਿਹਾ- ਵੈਦਿਕ

ਨਵੀਂ ਦਿੱਲੀ - ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨਾਲ ਮੁਲਾਕਾਤ ਕਰਨ ਵਾਲੇ ਉੱਘੇ ਭਾਰਤੀ ਪੱਤਰਕਾਰ ਹਾਫਿਜ਼ ਸਈਦ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ 'ਤੇ ਸਫਾਈ ਦਿੰਦਿਆਂ ਕਿਹਾ 'ਮੈਂ ਕਦੇ ਵੀ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਦਾ ਮੈਂਬਰ ਨਹੀਂ ਰਿਹਾ।

ਕਿਸੇ ਵੀ ਪਾਰਟੀ ਨਾਲ ਕਦੇ ਵੀ ਜੁੜਿਆ ਨਹੀਂ ਰਿਹਾ ਤੇ ਨਾ ਹੀ ਕੋਈ ਸਬੰਧ ਰਿਹਾ ਹੈ।' ਜ਼ਿਕਰਯੋਗ ਹੈ ਕਿ ਵੈਦਿਕ ਦੇ ਬਾਰੇ ਪੁੱਛੇ ਗਏ ਇਕ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਾਂ ਉਹ (ਵੈਦਿਕ) ਆਰ. ਐੱਸ. ਐੱਸ. ਦਾ ਆਦਮੀ ਹੈ। ਇਹ ਗੱਲ ਸਾਰਿਆਂ ਨੂੰ ਪਤਾ ਹੈ। ਵੈਦਿਕ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ 'ਮੇਰਾ ਆਰ. ਐੱਸ. ਐੱਸ. ਨਾਲ ਕੋਈ ਸਬੰਧ ਨਹੀਂ ਰਿਹਾ। ਹਾਂ, ਕਾਂਗਰਸੀ ਆਗੂਆਂ ਨਾਲ ਕਰੀਬੀ ਸਬੰਧ ਰਹੇ ਹਨ।

ਨਰਸਿਮਹਾ ਰਾਓ ਮੇਰਾ ਬਹੁਤ ਸਤਿਕਾਰ ਕਰਦੇ ਸਨ।' ਉਨ੍ਹਾਂ ਨੇ ਕਿਹਾ 'ਹਾਫਿਜ਼ ਨਾਲ ਮੇਰੀ ਅਚਾਨਕ ਮੁਲਾਕਾਤ ਹੋਈ। ਇਸ ਮੁਲਾਕਾਤ ਨੂੰ ਲੈ ਕੇ ਕੋਈ ਪਹਿਲਾਂ ਯੋਜਨਾ ਨਹੀਂ ਸੀ। ਮੇਰੀ ਪਾਕਿਸਤਾਨ ਯਾਤਰਾ ਪੂਰੀ ਤਰ੍ਹਾਂ ਨਿੱਜੀ ਸੀ। ਕਾਂਗਰਸ ਇਸ ਮੁੱਦੇ ਨੂੰ ਉਠਾ ਕੇ ਰਾਜਨੀਤਿਕ ਲਾਭ ਲੈ ਰਹੀ ਹੈ।'