arrow

ਗਾਜਾ 'ਚ ਸੀਜ਼ਫਾਇਰ ਦੀ ਮਿਸਰ ਦੀ ਅਪੀਲ ਦਾ ਅਮਰੀਕਾ ਨੇ ਕੀਤਾ ਸਵਾਗਤ

ਵਾਸ਼ਿੰਗਟਨ, 15 ਜੁਲਾਈ-

ਇਜਰਾਇਲ ਤੇ ਹਮਾਸ ਦੇ 'ਚ ਜੰਗ ਬੰਦੀ ਲਈ ਮਿਸਰ ਦੀ ਅਪੀਲ ਦਾ ਸਵਾਗਤ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਉਹ ਲੜਾਈ ਪ੍ਰਭਾਵਿਤ ਗਾਜਾ 'ਚ ਹਿੰਸਾ ਰੋਕਣ ਲਈ ਖੇਤਰੀ ਸਾਥੀਆਂ ਦੇ ਨਾਲ ਕੰਮ ਕਰਨ ਲਈ ਪ੍ਰਤਿਬਧ ਹੈ।

ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੋਸ਼ ਅਰਨਸਟ ਨੇ ਕੱਲ੍ਹ ਕਿਹਾ ਕਿ ਅਸੀ ਹਿੰਸਾ ਦੇ ਪੱਧਰ ਨੂੰ ਘੱਟ ਕਰਨਾ ਚਾਹੁੰਦੇ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ਦੇ ਸਿਖਰ ਅਧਿਕਾਰੀ ਇਜਰਾਇਲੀ ਨੇਤਾਵਾਂ ਦੇ ਸੰਪਰਕ 'ਚ ਹਨ। ਇਸ ਦੌਰਾਨ, ਅਮਰੀਕਾ ਨੇ ਮਿਸਰ ਵਲੋਂ ਕੀਤੀ ਗਈ ਜੰਗ ਬੰਦੀ ਦੀ ਅਪੀਲ ਦਾ ਸਵਾਗਤ ਕੀਤਾ ਤੇ ਨਾਲ ਹੀ ਇਹ ਉਂਮੀਦ ਵੀ ਜਤਾਈ ਕਿ ਇਸ ਨਾਲ ਛੇਤੀ ਤੋਂ ਛੇਤੀ ਸ਼ਾਂਤੀ ਬਹਾਲ ਹੋਵੇਗੀ।

ਵਿਦੇਸ਼ ਮੰਤਰਾਲੇ ਦੀ ਬੁਲਾਰੀ ਜੇਨ ਸਾਕੀ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ 'ਚ ਵਿਦੇਸ਼ ਮੰਤਰੀ ਜਾਨ ਕੇਰੀ ਇਜਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਨਯਾਹੂ, ਮਿਸਰ ਦੇ ਸਰਕਾਰੀ ਅਧਿਕਾਰੀਆਂ ਤੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਨਾਲ ਗੱਲਬਾਤ ਕਰਦੇ ਰਹੇ ਹਨ। ਇਸ ਖ਼ਤਰਨਾਕ ਹਾਲਤ ਦਾ ਹੱਲ ਲੱਭਣ ਲਈ ਅਮਰੀਕਾ ਉਨ੍ਹਾਂ ਦੇ ਨਾਲ ਤੇ ਸਾਡੇ ਖੇਤਰੀ ਸਾਥੀਆਂ ਦੇ ਨਾਲ ਮਿਲਕੇ ਕੰਮ ਕਰਨ ਲਈ ਪ੍ਰਤਿਬਧ ਹੈ।