arrow

ਦਸੰਬਰ ਤੱਕ ਡੀਜ਼ਲ ਵੀ ਕੰਟਰੋਲ ਮੁਕਤ ਕਰ ਦੇਵੇਗੀ ਮੋਦੀ ਸਰਕਾਰ

ਨਵੀਂ ਦਿੱਲੀ, 14 ਜੁਲਾਈ-

ਜੇਕਰ ਕੱਚੇ ਤੇਲ ਦੀਆਂ ਵਿਸ਼ਵ ਭਰ 'ਚ ਕੀਮਤਾਂ ਮੌਜੂਦਾ ਸਥਿਤੀ 'ਤੇ ਕਾਇਮ ਰਹੀਆਂ ਤਾਂ ਡੀਜ਼ਲ ਦੀਆਂ ਕੀਮਤਾਂ ਇਸ ਸਾਲ ਦਸੰਬਰ ਤੋਂ ਪਹਿਲਾਂ ਡੀਰੈਗੂਲੇਟ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਸਰਕਾਰ ਸਬਸਿਡੀ ਵਾਲੇ ਸਿਲੰਡਰ ਵੀ ਘੱਟ ਕਰ ਸਕਦੀ ਹੈ।

ਬ੍ਰੇਂਟ ਕੱਚਾ ਤੇਲ ਪਿਛਲੇ ਮਹੀਨੇ ਇਰਾਕ ਵਿਚ ਗ੍ਰਹਿ ਯੁੱਧ ਕਾਰਨ 115 ਡਾਲਰ ਪ੍ਰਤੀ ਬੈਰਲ ਤੱਕ ਪੁੱਜ ਗਿਆ ਸੀ ਪਰ ਹੁਣ ਫਿਰ ਤੋਂ 106.7 ਡਾਲਰ ਪ੍ਰਤੀ ਬੈਰਲ ਤੱਕ ਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਭਾਰਤ ਤੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਡੀਜ਼ਲ ਦੀਆਂ ਕੀਮਤਾਂ ਵਿਚਕਾਰ ਅੰਤਰ ਕੁਝ ਘੱਟ ਹੋ ਸਕੇਗਾ। ਪਹਿਲਾਂ ਇਹ ਅੰਤਰ 1.6 ਰੁਪਏ ਪ੍ਰਤੀ ਲੀਟਰ ਤੱਕ ਸੀ ਪਰ ਪਿਛਲੇ ਦਿਨੀਂ ਇਹ 3.4 ਰੁਪਏ ਪ੍ਰਤੀ ਲੀਟਰ ਹੋ ਗਿਆ ਸੀ।

ਅਧਿਕਾਰੀਆਂ ਅਨੁਸਾਰ ਆਉਂਦੇ ਪੰਜ ਸਾਲਾਂ ਵਿਚ ਇਹ ਅੰਤਰ ਸਿਫਰ ਰਹਿ ਜਾਵੇਗਾ। ਕੈਬਨਿਟ ਦੇ ਇਕ ਫੈਸਲੇ ਅਨੁਸਾਰ ਇਸ ਤੋਂ ਬਾਅਦ ਪੈਟਰੋਲ ਵਾਂਗ ਹੀ ਡੀਜ਼ਲ ਦੀਆਂ ਕੀਮਤਾਂ ਵੀ ਬਾਜ਼ਾਰ ਦੇ ਹਿਸਾਬ ਨਾਲ ਤੈਅ ਹੋਣਗੀਆਂ ਤੇ ਸਰਕਾਰ ਇਸ 'ਤੇ ਆਪਣਾ ਨਿਯੰਤਰਣ ਛੱਡ ਦੇਵੇਗੀ।