arrow

4 ਮੱਝਾਂ ਦੀ ਨਹਿਰ 'ਚ ਡੁੱਬ ਕੇ ਮੌਤ

ਛਛਰੌਲੀ, 14 ਜੁਲਾਈ-

ਫੈਜਪੂਰ ਵਾਸੀ ਇਕ ਪਸ਼ੂ ਪਾਲਕ ਦੀਆਂ ਤਕਰੀਬਨ 3 ਲੱਖ ਰੁਪਏ ਕੀਮਤ ਦੀਆਂ 4 ਮੱਝਾਂ ਉਸ ਸਮੇਂ ਨਹਿਰ 'ਚ ਡੁੱਬ ਗਈਆਂ ਜਦੋਂ ਉਹ ਹਥਨੀ ਕੁੰਡ ਬੈਰਾਜ ਕੋਲ ਬਣੀ ਨਹਿਰ ਕੰਢੇ ਘਾਹ ਚਰ ਰਹੀਆਂ ਸਨ। ਜਿਵੇਂ ਹੀ ਪਾਣੀ ਪੀਣ ਲਈ ਮੱਝਾਂ ਨਹਿਰ 'ਚ ਉਤਰੀਆਂ ਤਾਂ ਉਹ ਡੂੰਘੇ ਪਾਣੀ 'ਚ ਚਲੀਆਂ ਗਈਆਂ।

ਪਾਣੀ ਦੀ ਡੂੰਘਾਈ ਵੱਧ ਹੋਣ ਤੇ ਨਹਿਰ ਦੇ ਕੰਢੇ ਪੱਕੇ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੀਆਂ ਤੇ ਪਾਣੀ 'ਚ ਵਹਿ ਕੇ ਨਹਿਰ ਦੀ ਜਾਲੀਆਂ 'ਚ ਫਸ ਗਈਆਂ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਫੈਜਪੁਰ ਵਾਸੀ ਸ਼ਕੀਲ ਪੁੱਤਰ ਇਬਰਾਹਿਮ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਆਪਣੇ ਪਸ਼ੂਆਂ ਨੂੰ ਚਰਾਉਣ ਲਈ ਹਥਨੀਕੁੰਡ ਬੈਰਾਜ ਸਥਿਤ ਪਾਰਕ ਏਰੀਆ 'ਚ ਗਿਆ ਹੋਇਆ ਸੀ। ਨਹਿਰ ਦੇ ਕੰਢੇ ਤੋਂ ਜਿਵੇਂ ਹੀ ਪਾਣੀ ਪੀਣ ਲਈ ਮੱਝਾਂ ਨਹਿਰ 'ਚ ਗਈਆਂ ਤਾਂ ਨਹਿਰ ਦੀਆਂ ਸਾਈਡਾਂ ਪੱਕੀਆਂ ਹੋਣ ਕਾਰਨ ਮੱਝਾਂ ਵਾਪਸ ਬਾਹਰ ਨਹੀਂ ਨਿਕਲ ਸਕੀਆਂ।

ਪਾਣੀ ਦੇ ਤੇਜ਼ ਵਹਾਅ 'ਚ ਮੱਝਾਂ ਵਹਿ ਗਈਆਂ ਤੇ ਪਾਵਰ ਹਾਊਸ ਦੀ ਨਹਿਰ ਦੀ ਜਾਲੀਆਂ 'ਚ ਫਸ ਗਈਆਂ। ਪਿੰਡ ਵਾਸੀਆਂ ਦੀ ਮਦਦ ਨਾਲ ਮੱਝਾਂ ਬਾਹਰ ਕੱਢੀਆਂ ਗਈਆਂ। ਪੋਸਟ ਮਾਰਟਮ ਤੋਂ ਬਾਅਦ ਮੱਝਾਂ ਮਾਲਕ ਨੂੰ ਸੌਂਪ ਦਿੱਤੀਆਂ ਗਈਆਂ। ਇਨ੍ਹਾਂ ਮੱਝਾਂ ਦੀ ਕੀਮਤ ਤਕਰੀਬਨ 3 ਲੱਖ ਦੱਸੀ ਜਾ ਰਹੀ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਥਨੀ ਕੁੰਡ ਬੈਰਾਜ ਤੋਂ ਲੈ ਕੇ ਯਮੁਨਾਨਗਰ ਤੱਕ ਨਹਿਰ ਦੇ ਦੋਵੇਂ ਪਾਸੇ ਕਿਸੇ ਵੀ ਤਰ੍ਹਾਂ ਦੀ ਗ੍ਰਿਲ ਜਾਂ ਕੋਈ ਪੱਕੇ ਪ੍ਰਬੰਧ ਨਹੀਂ ਕੀਤੇ ਗਏ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੇ ਇੰਨੀ ਵੱਡੀ ਨਹਿਰ ਬਣਾਈ ਹੈ ਤਾਂ ਉਸ 'ਚ ਤੇ ਉਸ ਦੇ ਆਲੇ ਦੁਆਲਿਓਂ ਲੰਘਣ ਵਾਲੇ ਲੋਕਾਂ ਲਈ ਪੱਕੇ ਪ੍ਰਬੰਧ ਹੋਣੇ ਚਾਹੀਦੇ ਹਨ ਜਾਂ ਫਿਰ ਰਸਤਾ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਤਾਂ ਹਾਦਸਿਆਂ ਤੋਂ ਬਚਾਓ ਹੋ ਸਕੇ।