arrow

ਬਾਦਲ ਆਪਣੀਆਂ ਅਸਫਲਤਾਵਾਂ ਲਈ ਅਫਸਰਾਂ ਨੂੰ ਦੋਸ਼ੀ ਨਾ ਠਹਿਰਾਉਣ- ਅਮਰਿੰਦਰ

ਜਲੰਧਰ , 14 ਜੁਲਾਈ-

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀਆਂ ਅਸਫਲਤਾਵਾਂ ਲਈ ਅਫਸਰਸ਼ਾਹੀ ਨੂੰ ਦੋਸ਼ੀ ਠਹਿਰਾਉਣ ਲਈ ਬਿਆਨ 'ਤੇ ਵਰ੍ਹਦੇ ਹੋਏ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਬਾਦਲ ਆਪਣੇ ਘਰ ਨੂੰ ਦਰੁਸਤ ਕਰਨ ਨਾ ਕਿ ਅਧਿਕਾਰੀਆਂ 'ਚ ਗਲਤੀਆਂ ਕੱਢਣ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ 'ਚ ਕਿਹਾ ਕਿ ਬਾਦਲ ਰਿਕਾਰਡ ਪੰਜਵੀਂ ਵਾਰ ਮੁੱਖ ਮੰਤਰੀ ਬਣੇ ਅਤੇ ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਸਰਕਾਰ ਦੀ ਅਸਫਲਤਾ ਲਈ ਅਧਿਕਾਰੀ  ਜ਼ਿੰਮੇਵਾਰ ਹਨ ਜੋ ਭ੍ਰਿਸ਼ਟਾਚਾਰ ਕਰਕੇ ਸਰਕਾਰ ਦੀ ਬਦਨਾਮੀ ਕਰਵਾ ਰਹੇ ਹਨ। ਅਮਰਿੰਦਰ ਨੇ ਕਿਹਾ ਕਿ ਜੇਕਰ ਬਾਦਲ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਦੇ ਬਾਅਦ ਵੀ ਅਧਿਕਾਰੀਆਂ ਦੇ ਨਾਲ ਕੰਮ ਕਰਨਾ ਠੀਕ ਨਹੀਂ ਸਮਝਦੇ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲ ਜਦੋਂ ਆਪਣੇ ਸਰਕਾਰ ਦੇ ਅਧਿਕਾਰੀਆਂ 'ਤੇ ਦੂਸ਼ਣਬਾਜ਼ੀ ਕਰ ਰਹੇ ਹਨ ਤਾਂ ਇਸ ਦਾ ਅਰਥ ਹੈ ਕਿ ਬਾਦਲ ਖੁਦ ਪ੍ਰਸ਼ਾਸਨ ਚਲਾਉਣਾ ਨਹੀਂ ਜਾਣਦੇ।

ਕੈਪਟਨ ਨੇ ਕਿਹਾ ਕਿ ਸਰਕਾਰ ਦੇ ਅਧਿਕਾਰੀ ਨਹੀਂ ਸਗੋਂ ਸੂਬੇ ਦੇ ਮੰਤਰੀ ਭ੍ਰਿਸ਼ਟ ਹਨ ਅਤੇ ਸੱਤਾਧਾਰੀ ਪਾਰਟੀ  ਨਾਲ ਜੁੜੇ ਨੇਤਾਵਾਂ ਵਲੋਂ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ ਜੋ ਅਪਰਾਧੀਆਂ ਅਤੇ ਨਸ਼ਾ ਸਮੱਗਲਰਾਂ ਦੇ ਨਾਲ ਮਿਲੇ ਹੋਏ ਹਨ। ਉਨ੍ਹਾਂ ਨਸ਼ਾ ਸਮੱਗਲਿੰਗ ਨੂੰ ਇਕ ਧੰਦਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ 2002 ਤੋਂ 2007 ਤਕ ਮੁੱਖ ਮੰਤਰੀ ਰਹੇ ਪਰ ਉਨ੍ਹਾਂ ਨੂੰ ਆਪਣੇ ਅਧਿਕਾਰੀਆਂ ਤੋਂ ਕੰਮ ਲੈਣ 'ਚ ਕੋਈ ਮੁਸ਼ਕਿਲ ਨਹੀਂ ਆਈ ਜਦਕਿ ਬਾਦਲ ਨੇ ਹਮੇਸ਼ਾ ਅਯੋਗ ਅਧਿਕਾਰੀਆਂ ਨੂੰ ਹੀ ਅੱਗੇ ਕੀਤਾ।

ਜਾਖੜ ਨੇ ਬਾਦਲ ਤੋਂ ਮੰਗਿਆ ਅਸਤੀਫਾ

ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਮੁੱਖ ਮੰਤਰੀ ਬਾਦਲ ਵਲੋਂ ਆਪਣੀ ਸਰਕਾਰ ਦੀ ਅਫਸਰਸ਼ਾਹੀ ਨੂੰ ਭ੍ਰਿਸ਼ਟ  ਕਰਾਰ ਦੇਣ 'ਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਚੋਟੀ 'ਤੇ ਪੁੱਜ ਚੁੱਕਾ ਹੈ ਜਿਸ ਤੋਂ ਆਮ ਜਨਤਾ ਪ੍ਰੇਸ਼ਾਨ ਹੈ। ਕਾਂਗਰਸ ਸ਼ੁਰੂ ਤੋਂ ਹੀ ਸੂਬੇ 'ਚ ਭ੍ਰਿਸ਼ਟਾਚਾਰ ਵਧਣ ਦੇ ਦੋਸ਼ ਲਗਾ ਰਹੀ ਹੈ, ਜਿਸ 'ਤੇ ਮੁੱਖ ਮੰਤਰੀ ਨੇ ਖੁਦ ਮੋਹਰ ਲਗਾ ਦਿੱਤੀ ਹੈ।

ਜਾਖੜ ਨੇ ਕਿਹਾ ਕਿ ਜਦੋਂ ਸੂਬੇ ਦਾ ਮੁਖੀਆ ਹੀ ਆਪਣੀ ਸਰਕਾਰ ਨੂੰ ਭ੍ਰਿਸ਼ਟ ਕਰਾਰ ਦੇ ਰਿਹਾ ਹੋਵੇ ਤਾਂ ਫਿਰ ਇਸਦੀ ਸਰਕਾਰ ਦਾ ਸੱਤਾ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਫੀਆ ਨੇ ਪਿਛਲੇ ਸਾਢੇ 7 ਸਾਲਾਂ 'ਚ ਪੰਜਾਬ ਨੂੰ ਖੂਬ ਲੁੱਟਿਆ ਹੈ ਅਤੇ ਹੁਣ ਇਸ ਨੂੰ ਬਾਦਲ ਨੇ ਵੀ ਸਵੀਕਾਰ ਕਰ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਹੁਣ ਉਨ੍ਹਾਂ ਅਧਿਕਾਰੀਆਂ ਦੀ ਸੂਚੀ ਜਨਤਾ ਦੇ ਸਾਹਮਣੇ ਪੇਸ਼ ਕਰਨ ਜੋ ਭ੍ਰਿਸ਼ਟਾਚਾਰ 'ਚ ਸ਼ਾਮਲ ਹਨ।