arrow

ਨਾ ਮੀਂਹ, ਨਾ ਕੇਂਦਰ ਵਲੋਂ ਕੋਈ ਵਿਸ਼ੇਸ਼ ਪੈਕਜ, ਪੰਜਾਬ ਨੂੰ

ਚੰਡੀਗੜ੍ਹ , 14 ਜੁਲਾਈ-

ਪੰਜਾਬ 'ਚ ਬਾਰਸ਼ ਦੀ ਘਾਟ ਦੇ ਚਲਦੇ ਮਾਨਸੂਨ ਦੀ ਦੇਰੀ ਦੇ ਮੱਦੇਨਜ਼ਰ ਸੋਕੇ ਵਰਗੀ ਸਥਿਤੀ ਬਣਦੀ ਦਿਖਾਈ ਦੇ ਰਹੀ ਹੈ ਅਤੇ ਇਸਦਾ ਫਸਲਾਂ ਦੀ ਬਿਜਾਈ 'ਤੇ ਸਭ ਤੋਂ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸਦੇ ਚਲਦੇ ਕਿਸਾਨਾਂ ਦੀ ਚਿੰਤਾ ਵੱਧ ਗਈ ਹੈ।

ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿਛਲੇ ਦਿਨੀਂ ਕੇਂਦਰੀ ਵਿਤ ਤੇ ਖੇਤੀ ਮੰਤਰੀਆਂ ਨਾਲ ਮਿਲ ਕੇ ਸੂਬੇ ਨੂੰ ਸੋਕੇ ਵਰਗੀ ਸਥਿਤੀ ਤੋਂ ਨਿਪਟਣ ਦੇ ਲਈ 2330 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦੇਣ ਦੀ ਮੰਗ ਵੀ ਉਠਾਈ ਸੀ ਪਰ ਕੇਂਦਰ ਨੇ ਹਾਲੇ ਤਕ ਇਸਦਾ ਕੋਈ ਜਵਾਬ ਸੂਬਾ ਸਰਕਾਰ ਨੂੰ ਨਹੀਂ ਦਿੱਤਾ ਅਤੇ ਪੇਸ਼ ਕੀਤੇ ਗਏ ਕੇਂਦਰੀ ਬਜਟ 'ਚ ਵੀ ਪੰਜਾਬ ਦੇ ਲਈ ਕਿਸੇ ਤਰ੍ਹਾਂ ਦੇ ਪੈਕੇਜ ਦਾ ਐਲਾਨ ਨਹੀਂ ਕੀਤਾ।

ਬਾਰਸ਼ ਦੀ ਕਮੀ ਕਾਰਨ ਸੂਬਾ ਖਾਸ ਤੌਰ 'ਤੇ ਝੋਨਾ ਤੇ ਮੱਕੀ ਵਰਗੀਆਂ ਫਸਲਾਂ ਦੀ ਬਿਜਾਈ 'ਚ ਪਿਛੜ ਰਿਹਾ ਹੈ। ਜਿਥੇ ਸੂਬੇ ਦੇ ਡੈਮਾਂ 'ਚ ਪਾਣੀ ਦਾ ਪੱਧਰ ਬਹੁਤ ਹੇਠਾਂ ਚੱਲ ਰਿਹਾ ਹੈ ਉਥੇ ਹੀ ਸੂਬੇ ਦੇ ਥਰਮਲ ਪਲਾਂਟਾਂ 'ਚ ਕੋਲੇ ਦੀ ਕਮੀ ਤੇ ਤਕਨੀਕੀ ਖਾਮੀਆਂ ਦੇ ਚਲਦੇ ਕਟਾਂ ਕਾਰਨ ਕਿਸਾਨਾਂ ਨੂੰ ਪੂਰੀ ਬਿਜਲੀ ਵੀ ਮੁਹੱਈਆ ਨਹੀਂ ਹੋ ਰਹੀ। ਬੇਸ਼ਕ ਸਰਕਾਰ 8 ਘੰਟੇ ਲਗਾਤਾਰ ਬਿਜਲੀ ਦੇਣ ਦੇ ਦਾਅਵੇ ਕਰ ਰਹੀ ਹੈ। ਖੇਤੀ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਇਸ ਵਾਰ 26.50 ਲੱਖ ਹੈਕਟੇਅਰ ਰਕਬੇ 'ਚ ਝੋਨੇ ਦੀ ਬਿਜਾਈ ਦਾ ਟੀਚਾ ਸਾਧਿਆ ਗਿਆ ਹੈ ਅਤੇ ਇਸੇ ਤਰ੍ਹਾਂ ਮੱਕੀ ਦੀ ਬਿਜਾਈ ਦਾ 2 ਲੱਖ ਹੈਕਟੇਅਰ ਦਾ ਹੈ।

ਪਰ ਹਾਲੇ ਤਕ ਬਿਜਲੀ ਦੀ ਕਮੀ ਅਤੇ ਮਾਨਸੂਨ ਦੀ ਸਥਿਤੀ ਦੀ ਚਲਦੇ ਬਿਜਾਈ ਦੀ ਰਫਤਾਰ ਬਹੁਤ ਮੱਠੀ ਚੱਲ ਰਹੀ ਹੈ। ਬੇਸ਼ਕ ਪਿਛਲੇ ਦਿਨੀਂ ਕਈ ਜਿਲਿਆਂ 'ਚ ਬਾਰਸ਼ ਹੋਣ ਮਗਰੋਂ ਥੋੜੀ ਰਾਹਤ ਮਿਲੀ ਸੀ ਪਰ ਇਸਦੇ ਬਾਵਜੂਦ ਹਾਲੇ ਤਕ 43 ਫੀਸਦੀ ਬਾਰਸ਼ ਦੀ ਕਮੀ ਚੱਲ ਰਹੀ ਹੈ। ਮੌਸਮ ਵਿਭਾਗ ਮੁਤਾਬਿਕ 13 ਜੁਲਾਈ ਦੇ ਬਾਅਦ ਮਾਨਸੂਨ ਆਉਣ ਦੀ ਸੰਭਾਵਨਾ ਹੈ। ਪਰ ਇਸਦੇ ਉਲਟ ਜੇਕਰ ਅੱਗੇ ਵੀ ਬਾਰਸ਼ ਦੀ ਅਜਿਹੀ ਸਥਿਤੀ ਬਣੀ ਰਹੀ ਤਾਂ ਸੂਬੇ ਦਾ ਖੇਤੀ ਉਤਪਾਦਨ 'ਤੇ ਸਭ ਤੋਂ ਜਿਆਦਾ ਪ੍ਰਭਾਵ ਹੋਵੇਗਾ।