arrow

ਕੈਂਸਰ ਤੋਂ ਬਚਾਉਂਦੀ ਹੈ ਰੈੱਡ ਵਾਈਨ

ਲੰਡਨ , 14 ਜੁਲਾਈ-

ਇਕ ਤਾਜ਼ਾ ਖੋਜ ਤੋਂ ਪਤਾ ਲੱਗਾ ਹੈ ਕਿ ਰੈੱਡ ਵਾਈਨ ਨਾਲ ਪ੍ਰੋਸਟੇਟ ਕੈਂਸਰ ਦਾ ਇਲਾਜ ਕਾਫੀ ਚੰਗੇ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਖੋਜ ਦੇ ਨਤੀਜਿਆਂ ਅਨੁਸਾਰ ਰੈੱਡ ਵਾਈਨ ਵਿਚ ਮਿਲਣ ਵਾਲੇ ਯੌਗਿਕ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦੇ ਹਨ।

ਮਾਹਿਰ ਮੰਨਦੇ ਹਨ ਕਿ ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਰੈੱਡ ਵਾਈਨ ਵਿਚ ਪੋਲੀਫਿਨੋਲਸ ਨਾਂ ਦਾ ਤਰਲ ਪਦਾਰਥ ਹੁੰਦਾ ਹੈ, ਜੋ ਪ੍ਰੋਸਟੇਟ ਕੈਂਸਰ ਨਾਲ ਸੰਬੰਧਿਤ ਕੋਸ਼ਿਕਾਵਾਂ ਨੂੰ ਖਤਮ ਕਰਨ ਦੀ ਸ਼ਕਤੀ ਰੱਖਦਾ ਹੈ। ਖੋਜ ਵਿਚ ਮਾਹਿਰਾਂ ਨੇ ਪੋਲੀਫਿਨੋਲਸ ਗੈਲਿਕ ਐਸਿਡ, ਟੈਨਿਕ ਐਸਿਡ, ਮੋਰੀਨ ਤੇ ਕਵਾਰਸਿਟਿਨ ਵਰਗੇ ਰਸਾਇਣਾਂ ਦੇ ਅਸਰ ਬਾਰੇ ਜਾਣਿਆ। ਇਥੇ ਧਿਆਨ ਦੇਣ ਯੋਗ ਤੱਥ ਇਹ ਹੈ ਕਿ ਇਹ ਪੋਲੀਫਿਨੋਲਸ ਰਸਾਇਣ ਨਾ ਸਿਰਫ ਰੈੱਡ ਵਾਈਨ, ਸਗੋਂ ਕਈ ਤਰ੍ਹਾਂ ਦੇ ਫਲਾਂ ਤੇ ਸਬਜ਼ੀਆਂ ਵਿਚ ਵੀ ਭਰਪੂਰ ਮਾਤਰਾ ਵਿਚ ਹੁੰਦੇ ਹਨ।

ਇਸ ਤੋਂ ਇਲਾਵਾ ਮੈਡ੍ਰਿਡ ਗੇਟੇਫ ਯੂਨੀਵਰਸਿਟੀ ਦੇ ਡਾ. ਇਗਨੇਸ਼ੀਓਂ ਰਾਮਿਰੋ ਨੇ ਪ੍ਰੋਸਟੇਟ ਕੈਂਸਰ ਸੰਬੰਧੀ ਭੋਜਨ ਦੀ ਕੀ ਭੂਮਿਕਾ ਹੈ, ਇਸ ਦਾ ਵੀ ਅਧਿਐਨ ਕੀਤਾ। ਇਸ ਦੌਰਾਨ ਉਨ੍ਹਾਂ ਦੇਖਿਆ ਕਿ ਵਿਅਕਤੀਆਂ ਨੂੰ ਪਸ਼ੂਆਂ ਤੋਂ ਮਿਲਣ ਵਾਲੀਆਂ ਫੈਟ ਰੂਪੀ ਚੀਜ਼ਾਂ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ ਅਤੇ ਮਾਸਾਹਾਰੀ ਪਕਵਾਨਾਂ ਦੀ ਵਰਤੋਂ ਵੀ ਘੱਟ ਕਰ ਦੇਣੀ ਚਾਹੀਦੀ ਹੈ।

ਡਾ. ਰਾਮਿਰੋ ਮੰਨਦੇ ਸਨ ਕਿ ਜੇ ਸੰਭਵ ਹੋਵੇ ਤਾਂ ਰੈੱਡ ਵਾਈਨ ਦੀ ਬਜਾਏ ਫਲਾਂ-ਸਬਜ਼ੀਆਂ ਦੀ ਵਰਤੋਂ ਕਰਦੇ ਰਹਿਣ ਨਾਲ ਪ੍ਰੋਸਟੇਟ ਕੈਂਸਰ ਦੀ ਸੰਭਾਵਨਾ ਘਟਾਈ ਜਾ ਸਕਦੀ ਹੈ। ਉਂਝ ਵੀ ਪ੍ਰੋਸਟੇਟ ਕੈਂਸਰ ਦੇ ਇਲਾਜ ਲਈ ਕਈ ਅੰਗ੍ਰੇਜ਼ੀ ਦਵਾਈਆਂ ਬਣ ਚੁੱਕੀਆਂ ਹਨ ਪਰ ਇਨ੍ਹਾਂ ਦੀ ਵਰਤੋਂ ਨਾਲ ਇਹ ਬੀਮਾਰੀਆਂ ਸਿਰਫ ਰੋਕੀਆਂ ਜਾ ਸਕਦੀਆਂ ਹਨ, ਇਨ੍ਹਾਂ ਨੂੰ ਜੜ੍ਹੋਂ ਉਖਾੜ ਸੁੱਟਣ ਦੀ ਕੋਈ ਪੱਕੀ ਗਾਰੰਟੀ ਨਹੀਂ।