arrow

ਗਾਂਧੀ ਪਰਿਵਾਰ ਵਲੋਂ ਅਸ਼ਾਂਤੀ ਦੀ ਸਾਜ਼ਿਸ਼ ਵਿਰੁੱਧ ਰਾਸ਼ਟਰਪਤੀ ਨੂੰ ਮਿਲਾਗੇ- ਸੁਖਬੀਰ

ਚੰਡੀਗੜ੍ਹ, 13 ਜੁਲਾਈ-

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਵਲੋਂ ਸਿੱਖਾਂ ਨੂੰ ਵੰਡਕੇ ਖਿੱਤੇ ਵਿਚ ਅਸ਼ਾਂਤੀ ਪੈਦਾ ਕਰਨ ਦੀ ਰਚੀ ਗਈ ਸਾਜ਼ਿਸ਼ ਵਿਰੁੱਧ ਸਿੱਖ ਕੌਮ ਦੇ ਆਗੂਆਂ ਦਾ ਵਫਦ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕਰੇਗਾ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ਵਫਦ ਸ੍ਰੀਮਤੀ ਗਾਂਧੀ ਵਲੋਂ ਰਚੀ ਗਈ ਸਾਜ਼ਿਸ਼ ਬਾਰੇ ਜਿੱਥੇ ਰਾਸ਼ਟਰਪਤੀ ਨੂੰ ਜਾਣਕਾਰੀ ਦੇਵੇਗਾ ਉੱਥੇ ਇਹ ਵੀ ਮੰਗ ਕੀਤੀ ਜਾਵੇਗੀ ਕਿ ਸਿੱਖ ਕੌਮ ਦੇ ਮਸਲਿਆਂ ਵਿਚ ਕਿਸੇ ਨੂੰ ਦਖਲ ਅੰਦਾਜੀ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਕਾਂਗਰਸ ਦੇ ਸਿੱਖ ਕੌਮ ਵਿਰੋਧੀ ਚਿਹਰੇ ਦਾ ਪਰਦਾਫਾਸ਼ ਕਰਨ ਲਈ ਉਸ ਵਲੋਂ ਸਮੇਂ-ਸਮੇਂ ਸਿਰ ਅੰਜਾਮ ਦਿੱਤੀਆਂ ਕਾਰਵਾਈਆਂ ਜਿਵੇਂ ਕਿ 84 ਸਿੱਖ ਨਸਲਕੁਸ਼ੀ ਤੇ ਸਾਕਾ ਨੀਲਾ ਤਾਰਾ ਬਾਰੇ ਵੀ ਰਾਸ਼ਟਰਪਤੀ ਨੂੰ ਜਾਣੂੰ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ 'ਰਾਸ਼ਟਰਪਤੀ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਸਿੱਖ ਅਜੇ ਵੀ 84 ਦੇ ਜ਼ਖਮਾਂ ਦੀ ਤਾਬ ਝੱਲ ਰਹੇ ਹਨ ਤੇ ਹੁਣ ਫਿਰ ਗਾਂਧੀ ਪਰਿਵਾਰ ਵਲੋਂ ਸਿੱਖ ਕੌਮ ਵਿਚ ਵੰਡੀਆਂ ਪਾ ਕੇ ਪੂਰੇ ਖੇਤਰ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ'। ਉਨ੍ਹਾਂ ਸਪੱਸ਼ਟ ਕੀਤਾ ਕਿ ਖੇਤਰ ਵਿਚ ਅਮਨ ਤੇ ਕਾਨੂੰਨ ਨੂੰ ਕਿਸੇ ਵੀ ਕਿਸਮ ਦੀ ਆਂਚ ਨਹੀਂ ਆਉਣ ਦਿੱਤੀ ਜਾਵੇਗੀ। ਸ. ਬਾਦਲ ਨੇ ਕਿਹਾ ਕਿ ਕਾਂਗਰਸ ਵਲੋਂ ਹਰਿਆਣਾ ਸਥਿਤ ਗੁਰਧਾਮਾਂ ਨੂੰ ਆਪਣੇ ਏਜੰਟਾਂ ਦੇ ਹੱਥਾਂ ਵਿਚ ਦੇਣ ਦੀ ਚਾਲ ਚੱਲੀ ਗਈ ਹੈ, ਕਿਉਂ ਜੋ ਹਰਿਆਣਾ ਦੇ ਸਿੱਖਾਂ ਵਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਜਾ ਰਹੀ ਸੀ ਤੇ ਕਾਂਗਰਸ ਵਲੋਂ ਵਫਦਾਂ ਕੋਲੋਂ ਜਾਅਲੀ ਦਸਤਖਤਾਂ ਵਾਲੇ ਮੰਗ ਪੱਤਰ ਲੈ ਗਏ। ਉਨ੍ਹਾਂ ਕਿਹਾ ਕਿ ਜਿਸ ਬਿੱਲ ਦੀ ਨੀਂਹ ਹੀ ਨਹੀਂ ਹੈ ਉਹ ਬਿੱਲ ਵਿਧਾਨ ਸਭਾ ਵਲੋਂ ਪਾਸ ਕਰਨਾ ਗੈਰਕਾਨੂੰਨੀ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਹਰਿਆਣਾ ਸਰਕਾਰ ਵਲੋਂ ਲਗਾਤਾਰ ਝੂਠ ਬੋਲਿਆ ਜਾ ਰਿਹਾ ਹੈ ਕਿ ਉਸ ਕੋਲ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਹੱਕ ਹੈ, ਜਦਕਿ ਹਰ ਕੋਈ ਜਾਣਦਾ ਹੈ ਕਿ ਹਰਿਆਣਾ ਵਿਧਾਨ ਸਭਾ ਕੋਲ ਅਜਿਹੀ ਕੋਈ ਸੰਵਿਧਾਨਕ ਸ਼ਕਤੀ ਨਹੀਂ ਹੈ, ਜਿੰਨੀ ਦੇਰ ਤੱਕ ਕੇਂਦਰ ਸਰਕਾਰ ਤੇ ਰਾਸ਼ਟਰਪਤੀ ਇਸਨੂੰ ਮਨਜ਼ੂਰੀ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਹ ਯਕੀਨੀ ਬਣਾਏਗੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਕਾਂਗਰਸ ਨੂੰ ਹਰਿਆਣਾ ਵਿਚੋਂ ਚਲਦਾ ਕਰ ਦੇਣ। ਉਨ੍ਹਾਂ ਕਿਹਾ ਕਿ ਸਿੱਖਾਂ ਵਲੋਂ ਗਾਂਧੀ ਪਰਿਵਾਰ ਤੇ ਕਾਂਗਰਸ ਵਿਰੁੱਧ ਸਾਂਝਾ ਫਰੰਟ ਬਣਾਇਆ ਜਾਵੇਗਾ ਕਿ ਜੋ ਕਿ ਹਮੇਸ਼ਾ ਸਿੱਖ ਕੌਮ ਦਾ ਨੁਕਸਾਨ ਕਰਨ ਦੀ ਤਾਕ ਵਿਚ ਰਹਿੰਦੇ ਹਨ।